ਭਾਜਪਾ ਆਗੂ ਨਿਗਮ ਕਮਿਸ਼ਨਰ ਦੇ ਪੀਏ ਨਾਲ ਖਹਿਬੜੇ

ਮੁਲਾਕਾਤ ਕਰਨ ਆਏ ਆਗੂਆਂ ਨੂੰ ਊਡੀਕ ਕਰਨ ਲਈ ਕਹਿਣ ਤੋਂ ਮਾਮਲਾ ਵਿਗੜਿਆ; ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਹੋਣੀ ਸੀ ਚਰਚਾ

ਭਾਜਪਾ ਆਗੂ ਨਿਗਮ ਕਮਿਸ਼ਨਰ ਦੇ ਪੀਏ ਨਾਲ ਖਹਿਬੜੇ

ਭਾਜਪਾ ਆਗੂ ਅਰੁਣ ਸੂਦ ਪਾਰਟੀ ਵਰਕਰਾਂ ਤੇ ਨਿਗਮ ਕਰਮਚਾਰੀਆਂ ਨੂੰ ਸ਼ਾਂਤ ਕਰਦੇ ਹੋਏ। -ਫੋਟੋ: ਮਨੋਜ ਮਹਾਜਨ

ਮੁਕੇਸ਼ ਕੁਮਾਰ

ਚੰਡੀਗੜ੍ਹ, 22 ਸਤੰਬਰ

ਚੰਡੀਗੜ੍ਹ ਇਲਾਕੇ ਦੇ ਪਿੰਡਾਂ ਦੀ ਮਾੜੀ ਹਾਲਤ ਅਤੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਲੈਕੇ ਨਗਰ ਨਿਗਮ ਕਮਿਸ਼ਨਰ ਗਮਲ ਕਿਸ਼ੋਰ ਯਾਦਵ ਨਾਲ ਮੁਲਾਕਾਤ ਕਰਨ ਗਏ ਭਾਜਪਾ ਆਗੂ ਤੇ ਵਰਕਰ ਨਿਗਮ ਕਮਿਸ਼ਨਰ ਦੇ ਪੀਏ ਨਾਲ ਖਹਿਬੜ ਪਏ ਅਤੇ ਨਿਗਮ ਦੀ ਪਾਰਕਿੰਗ ਵਿੱਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਦੇ ਪੀਏ ਨੇ ਭਾਜਪਾ ਆਗੂਆਂ ’ਤੇ ਹੱਥੋਪਾਈ ਕਰਨ ਦਾ ਦੋਸ਼ ਲਗਾਇਆ। ਨਿਗਮ ਦਫਤਰ ਵਿੱਚ ਹੋਏ ਇਸ ਹੰਗਾਮੇ ਦੀ ਸ਼ਿਕਾਇਤ ਪੁਲੀਸ ਤਕ ਪਹੁੰਚ ਗਈ ਹੈ। ਭਾਜਪਾ ਆਗੂ  ਪਾਰਟੀ ਦੇ ਪ੍ਰਦੇਸ਼ ਸਕੱਤਰ ਰਾਮਵੀਰ ਸਿੰਘ ਭੱਟੀ ਦੀ ਅਗਵਾਈ ’ਚ ਕਮਿਸ਼ਨਰ ਨੂੰ ਮਿਲਣ ਗਏ ਸਨ।

ਵੇਰਵਿਆਂ ਅਨੁਸਾਰ ਭਾਜਪਾ ਆਗੂ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੂੰ ਨਗਰ ਨਿਗਮ ਦੇ ਦਫਤਰ ਵਿੱਚ ਮਿਲਣ ਲਈ ਪਹੁੰਚੇ ਸਨ। ਇਸ ਦੌਰਾਨ ਕਮਿਸ਼ਨਰ ਦੇ ਦਫਤਰ ਦੇ ਬਾਹਰ ਉਹ ਮੁਲਾਕਾਤ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਤੇ ਭਾਜਪਾ ਆਗੂਆਂ ਦੀ ਕਮਿਸ਼ਨਰ ਦੇ ਪੀਏ ਨਾਲ ਬਹਿਸ ਹੋ ਗਈ ਤੇ ਹੱਥੋਪਾਈ ਹੋਈ। ਇਸ ਘਟਨਾ ਬਾਰੇ ਨਗਰ ਨਿਗਮ ਕਮਿਸ਼ਨਰ ਵਲੋਂ ਚੰਡੀਗੜ੍ਹ ਪੁਲੀਸ ਦੇ ਐੱਸਐੱਸਪੀ ਨੂੰ ਸੂਚਨਾ ਦਿੱਤੀ ਗਈ ਅਤੇ ਪੁਲੀਸ ਨੇ ਭਾਜਪਾ ਨੇਤਾਵਾਂ ਨੂੰ ਨਿਗਮ ਕਮਿਸ਼ਨਰ ਦੇ ਦਫਤਰ ਤੋਂ ਖਦੇੜ ਦਿੱਤਾ। ਕਮਿਸ਼ਨਰ ਦੇ ਪੀਏ ਜਤਿਨ ਸੈਣੀ ਨੇ ਆਪਣੇ ਨਾਲ ਹੋਈ ਹੱਥੋਪਾਈ ਦੀ ਸ਼ਿਕਾਇਤ ਪੁਲੀਸ ਨੂੰ ਕਰ ਦਿੱਤੀ ਹੈ। 

ਨਿਗਮ ਕਮਿਸ਼ਨਰ ਦੇ ਦਫਤਰ ਤੋਂ ਹਟਾਏ ਗਏ ਭਾਜਪਾ ਨੇਤਾ ਤੇ ਪਾਰਟੀ ਦੇ ਪ੍ਰਦੇਸ਼ ਸਕੱਤਰ ਰਾਮਵੀਰ ਸਿੰਘ ਭੱਟੀ ਦੇ ਅਗਵਾਈ ਹੇਠ ਨਿਗਮ ਦੀ ਪਾਰਕਿੰਗ ਵਿੱਚ ਧਰਨੇ ਉੱਤੇ ਬੈਠ ਗਏ। ਊਨ੍ਹਾਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਨਿਗਮ ਕਮਿਸ਼ਨਰ ਨੂੰ ਮਿਲਣ ਪਹੁੰਚੇ ਤਾਂ ਉਨਾਂ ਨੂੰ ਕਮਿਸ਼ਨਰ ਦੇ ਪੀਏ ਨੇ ਇੰਤਜ਼ਾਰ ਕਰਨ ਲਈ ਕਿਹਾ ਜਦੋਂਕਿ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਮੇਅਰ ਹਰਫੂਲ ਚੰਦਰ ਕਲਿਆਣ, ਜੋ ਉਨ੍ਹਾਂ ਤੋਂ ਬਾਅਦ ਆਏ ਸਨ, ਸਿੱਧਾ ਹੀ ਨਿਗਮ ਕਮਿਸ਼ਨਰ ਨੂੰ ਮਿਲਣ ਲਈ ਉਨ੍ਹਾਂ ਦੇ ਕਮਰੇ ਵਿੱਚ ਚਲੇ ਗਏ ਸਨ। ਇਸ ਗੱਲ ਨੂੰ ਲੈਕੇ ਭਾਜਪਾ ਆਗੂ ਕਮਿਸ਼ਨਰ ਦੇ ਪੀਏ ਜਤਿਨ ਸੈਣੀ ਨਾਲ ਖਹਿਬੜ ਪਏ। ਬਾਅਦ ਵਿੱਚ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਪਾਰਟੀ ਵਰਕਰਾਂ ਤੇ ਨਿਗਮ ਮੁਲਾਜ਼ਮਾਂ ਨਾਲ ਗੱਲਬਾਤ ਕਰ ਕੇ ਊਨ੍ਹਾਂ ਨੂੰ ਸ਼ਾਂਤ ਕੀਤਾ।

ਮੁਲਾਕਾਤ ਲਈ ਸਮਾਂ ਨਹੀਂ ਲਿਆ ਸੀ : ਨਿਗਮ ਕਮਿਸ਼ਨਰ

ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੇ ਉਨ੍ਹਾਂ ਨੂੰ ਮਿਲਣ ਲਈ ਕੋਈ ਅਗਾਊਂ ਸਮਾਂ ਨਹੀਂ ਲਿਆ ਸੀ ਜਦੋਂ ਕਿ ਹਰਫੂਲ ਚੰਦਰ ਕਲਿਆਣ ਨੇ ਮੁਲਾਕਾਤ ਲਈ ਸਮਾਂ ਲਿਆ ਹੋਇਆ ਸੀ। ਤੈਅ ਸਮੇਂ ਅਨੁਸਾਰ ਉਹ ਹਰਫੂਲ ਚੰਦਰ ਕਲਿਆਣ ਨਾਲ ਗੱਲ ਕਰ ਰਹੇ ਸਨ ਅਤੇ ਭਾਜਪਾ ਨੇਤਾ ਬਿਨਾਂ ਸਮਾਂ ਲਏ ਹੀ ਉਥੇ ਉਨ੍ਹਾਂ ਦੇ ਦਫਤਰ ਪਹੁਂਚ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਮੁਲਾਕਾਤ ਲਈ ਉਡੀਕ ਕਰਨ ਲਈ ਕਿਹਾ ਗਿਆ ਸੀ ਤੇ ਇਸ ਇੰਤਜ਼ਾਰ ਨੇ ਵਿਵਾਦ ਦਾ ਰੂਪ ਧਾਰ ਲਿਆ। 

ਕਰਮਚਾਰੀਆਂ ਵੱਲੋਂ ਹੜਤਾਲ ਦੀ ਚਿਤਾਵਨੀ

ਨਗਰ ਨਿਗਮ ਦੇ ਕਰਮਚਾਰੀਆਂ ਦੀ ਯੂਨੀਅਨ ਕਮਿਸ਼ਨਰ ਦੇ ਪੀਏ ਦੇ ਹੱਕ ਵਿੱਚ ਆ ਗਈ ਹੈ। ਨਗਰ ਨਿਗਮ ਕਮਿਸ਼ਨਰ ਦਫਤਰ (ਆਲ ਕੈਟਾਗਰੀ ਐਂਪਲਾਈਜ਼ ਯੂਨੀਅਨ) ਦੇ ਅਹੁਦੇਦਾਰਾਂ ਨੇ ਨਿਗਮ ਕਮਿਸ਼ਰਨ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ ਕਿ ਪੀਏ ਜਤਿਨ ਸੈਣੀ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਵਾਲੇ ਭਾਜਪਾ ਯੁਵਾ ਨੇਤਾ ਗੌਰਵ ਗੋਇਲ ਅਤੇ ਉਨ੍ਹਾਂ ਦੇ ਨਾਲ ਰਹੇ ਭਾਜਪਾ ਨੇਤਾ ਰਾਮਵੀਰ ਭੱਟੀ ਤੇ ਹੋਰ ਨੇਤਾਵਾਂ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਤਾਂ 23 ਸਤੰਬਰ ਨੂੰ ਨਗਰ ਨਿਗਮ ਕਰਮਚਾਰੀ ਕਲਮ ਛੱਡ ਹੜਤਾਲ ਕਰਨਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All