ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਅਕਤੂਬਰ
ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਨੇ ਟਾਂਡਾ ਨੇੜਲੇ ਪਿੰਡ ਜਲਾਲਪੁਰ ਵਿੱਚ ਮਾਸੂਮ ਬੱਚੀ ਨਾਲ ਹੋਏ ਜਬਰ-ਜਨਾਹ ਖ਼ਿਲਾਫ਼ ਅੱਜ ਦੇਰ ਸ਼ਾਮ ਮੁਹਾਲੀ ਵਿੱਚ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਕੌਰ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੀਤਾ। ਇੱਥੋਂ ਦੇ ਫੇਜ਼-11 ਸਥਿਤ ਭਾਜਪਾ ਦਫ਼ਤਰ ਤੋਂ ਸ਼ੁਰੂ ਹੋਇਆ ਇਹ ਮਾਰਚ ਗਲੀਆਂ ਤੇ ਮੁਹੱਲਿਆਂ ਤੋਂ ਹੁੰਦਾ ਹੋਇਆ ਮੁੱਖ ਸੜਕ ’ਤੇ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਨੇੜੇ ਮਾਰਕੀਟ ਵਿੱਚ ਪਹੁੰਚ ਕੇ ਸਮਾਪਤ ਹੋਇਆ। ਉਨ੍ਹਾਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਫਾਂਸੀ ਦਿੱਤੀ ਜਾਵੇ ਅਤੇ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਸੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਔਰਤਾਂ ’ਤੇ ਅੱਤਿਆਚਾਰ ਵਧ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ।