ਟਰਾਈਸਿਟੀ ਵਾਸੀਆਂ ਲਈ ਵੱਡੀ ਖ਼ਬਰ: ਜ਼ੀਰਕਪੁਰ-ਬਾਈਪਾਸ ਪ੍ਰੋਜੈਕਟ ਨੂੰ ਮਿਲੀ ਜੰਗਲਾਤ ਵਿਭਾਗ ਦੀ ਹਰੀ ਝੰਡੀ
1,878 ਕਰੋੜ ਦਾ ਹੈ ਪ੍ਰੋਜੈਕਟ; ਟ੍ਰੈਫਿਕ ਜਾਮ ਤੋਂ ਮਿਲੇਗੀ ਵੱਡੀ ਰਾਹਤ
ਪੰਜਾਬ ਸਰਕਾਰ ਨੇ ਜ਼ੀਰਕਪੁਰ-ਪੰਚਕੂਲਾ ਬਾਈਪਾਸ ਲਈ ਲੰਬੇ ਸਮੇਂ ਤੋਂ ਲਟਕ ਰਹੀ ‘ਸਟੇਜ-2’ ਜੰਗਲਾਤ ਕਲੀਅਰੈਂਸ ਨੂੰ ਆਖ਼ਰਕਾਰ ਮਨਜ਼ੂਰੀ ਦੇ ਦਿੱਤੀ ਹੈ। 1,878 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਫਾਈਲ ਜੰਗਲਾਤ ਸਕੱਤਰ ਵੱਲੋਂ ਸਿਫ਼ਾਰਸ਼ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਰਸਮੀ ਪ੍ਰਵਾਨਗੀ ਲਈ ਜੰਗਲਾਤ ਮੰਤਰੀ ਕੋਲ ਭੇਜ ਦਿੱਤੀ ਗਈ ਹੈ।
ਦਿਲਚਸਪ ਗੱਲ ਇਹ ਹੈ ਕਿ ਇਹ ਕਾਰਵਾਈ 'ਦ ਟ੍ਰਿਬਿਊਨ' ਵੱਲੋਂ ਇਸ ਦੇਰੀ ਬਾਰੇ ਪ੍ਰਕਾਸ਼ਿਤ ਕੀਤੀ ਗਈ ਵਿਸਥਾਰਤ ਰਿਪੋਰਟ ਤੋਂ ਕੁਝ ਘੰਟਿਆਂ ਬਾਅਦ ਹੀ ਹੋਈ ਹੈ। ਇਸ ਕਲੀਅਰੈਂਸ ਦੇ ਮਿਲਣ ਨਾਲ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਲਈ ਟੈਂਡਰ ਜਾਰੀ ਕਰਨ ਅਤੇ ਕੰਮ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।
ਇਹ 19.2 ਕਿਲੋਮੀਟਰ ਲੰਬਾ ਛੇ-ਮਾਰਗੀ ਬਾਈਪਾਸ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ, ਮੁਹਾਲੀ) ਦੇ ਟ੍ਰੈਫਿਕ ਜਾਮ ਨੂੰ ਖ਼ਤਮ ਕਰਨ ਲਈ ਇੱਕ ‘ਲਾਈਫਲਾਈਨ’ ਸਾਬਤ ਹੋਵੇਗਾ।
ਇਹ ਰਸਤਾ NH-7 (ਜ਼ੀਰਕਪੁਰ-ਪਟਿਆਲਾ) ਨੂੰ NH-5 (ਜ਼ੀਰਕਪੁਰ-ਪਰਵਾਣੂ) ਨਾਲ ਜੋੜੇਗਾ, ਜਿਸ ਵਿੱਚ 6.1 ਕਿਲੋਮੀਟਰ ਲੰਬਾ ਐਲੀਵੇਟਿਡ ਸੈਕਸ਼ਨ, ਕਈ ਫਲਾਈਓਵਰ ਅਤੇ ਅੰਡਰਪਾਸ ਸ਼ਾਮਲ ਹਨ।
ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਅੰਤਰਰਾਜੀ ਭਾਰੀ ਟ੍ਰੈਫਿਕ ਜ਼ੀਰਕਪੁਰ ਅਤੇ ਪੰਚਕੂਲਾ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਜਾਣ ਦੀ ਬਜਾਏ ਬਾਹਰੋਂ-ਬਾਹਰ ਨਿਕਲ ਜਾਵੇਗਾ। ਇਸ ਨਾਲ ਰੋਜ਼ਾਨਾ ਜਾਮ ਵਿੱਚ ਫਸਣ ਵਾਲੇ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

