Bharat Scouts and Guides: ਸਕਾਊਟਿੰਗ ਨੌਜਵਾਨਾਂ ਦੇ ਚਰਿੱਤਰ ਨਿਰਮਾਣ ਦਾ ਮਜ਼ਬੂਤ ਮਾਧਿਅਮ: ਘੋਸ਼
ਹਰਿਆਣਾ ਦੇ ਰਾਜਪਾਲ ਅਤੇ ਭਾਰਤ ਸਕਾਊਟਸ ਐਂਡ ਗਾਈਡਜ਼ ਹਰਿਆਣਾ ਦੇ ਮੁੱਖ ਸਰਪ੍ਰਸਤ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਸਕਾਊਟਿੰਗ ਨੌਜਵਾਨਾਂ ਦੇ ਚਰਿੱਤਰ ਨਿਰਮਾਣ, ਅਨੁਸ਼ਾਸਨ, ਲੀਡਰਸ਼ਿਪ ਅਤੇ ਰਾਸ਼ਟਰ ਸੇਵਾ ਦਾ ਮਾਧਿਅਮ ਹੈ। ਉਹ ਸੋਮਵਾਰ ਨੂੰ ਹਰਿਆਣਾ ਲੋਕ ਭਵਨ ਵਿੱਚ ਭਾਰਤ...
ਹਰਿਆਣਾ ਦੇ ਰਾਜਪਾਲ ਅਤੇ ਭਾਰਤ ਸਕਾਊਟਸ ਐਂਡ ਗਾਈਡਜ਼ ਹਰਿਆਣਾ ਦੇ ਮੁੱਖ ਸਰਪ੍ਰਸਤ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਸਕਾਊਟਿੰਗ ਨੌਜਵਾਨਾਂ ਦੇ ਚਰਿੱਤਰ ਨਿਰਮਾਣ, ਅਨੁਸ਼ਾਸਨ, ਲੀਡਰਸ਼ਿਪ ਅਤੇ ਰਾਸ਼ਟਰ ਸੇਵਾ ਦਾ ਮਾਧਿਅਮ ਹੈ। ਉਹ ਸੋਮਵਾਰ ਨੂੰ ਹਰਿਆਣਾ ਲੋਕ ਭਵਨ ਵਿੱਚ ਭਾਰਤ ਸਕਾਊਟਸ ਐਂਡ ਗਾਈਡਜ਼ ਹਰਿਆਣਾ ਦੀ 44ਵੀਂ ਸਾਲਾਨਾ ਸਭਾ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਸਕਾਊਟਸ ਐਂਡ ਗਾਈਡਸ ਵੱਲੋਂ ਨੌਜਵਾਨਾਂ ਦੇ ਚਰਿੱਤਰ ਨਿਰਮਾਣ, ਰਾਸ਼ਟਰ ਸੇਵਾ, ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਗਠਨ ਦੇ ਸਮੂਹ ਅਹੁਦੇਦਾਰਾਂ, ਸਿਖਲਾਈਕਾਰਾਂ, ਸਕਾਊਟਸ, ਗਾਈਡਸ, ਰੋਵਰਸ ਅਤੇ ਰੇਂਜਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕਾਊਟਿੰਗ ਅਤੇ ਗਾਈਡਿੰਗ ਸੇਵਾ, ਅਨੁਸ਼ਾਸਨ, ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਦਾ ਮਜ਼ਬੂਤ ਜ਼ਰੀਆ ਹੈ। ਪ੍ਰੋਗਰਾਮ ਦੌਰਾਨ ਸਾਬਕਾ ਆਈ ਏ ਐੱਸ ਅਤੇ ਭਾਰਤ ਸਕਾਊਟਸ ਐਂਡ ਗਾਈਡਸ ਹਰਿਆਣਾ ਦੇ ਮੁੱਖ ਕਮਿਸ਼ਨਰ ਡਾ. ਕੇ ਕੇ ਖੰਡੇਲਵਾਲ ਨੇ ਰਾਜਪਾਲ ਨੂੰ ਇੱਕ ਸਾਲ ਦੌਰਾਨ ਸੰਗਠਨ ਵੱਲੋਂ ਕੀਤੇ ਕਾਰਜਾਂ, ਮੈਂਬਰਸ਼ਿਪ ਦੇ ਵਿਸਥਾਰ, ਸਿਖਲਾਈ ਪ੍ਰੋਗਰਾਮਾਂ, ਯੁਵਾ ਵਿਕਾਸ ਗਤੀਵਿਧੀਆਂ, ਰਾਸ਼ਟਰੀ ਅਤੇ ਸੂਬਾ ਪੱਧਰੀ ਪ੍ਰਾਪਤੀਆਂ ਅਤੇ ਭਵਿੱਖ ਦੀ ਕਾਰਜਯੋਜਨਾ ਦਾ ਵੇਰਵਾ ਪੇਸ਼ ਕੀਤਾ। ਰਾਜਪਾਲ ਨੇ ਸੰਸਥਾ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਾਰੰਟ ਆਫ ਅਪੌਇੰਟਮੈਂਟ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਸ਼ਾਨਦਾਰ ਕੰਮ ਕਰਨ ਵਾਲੇ ਸਕਾਊਟਸ, ਗਾਈਡਸ ਅਤੇ ਅਹੁਦੇਦਾਰਾਂ ਨੂੰ ਪੁਰਸਕਾਰਾਂ ਅਤੇ ਸਨਮਾਨਾਂ ਨਾਲ ਨਿਵਾਜਿਆ ਗਿਆ।
ਇਸ ਮੌਕੇ ਆਈ ਏ ਐੱਸ ਆਸ਼ਿਮਾ, ਆਈ ਏ ਐੱਸ ਅਮਨੀਤ ਪੀ ਕੁਮਾਰ, ਮਹਿੰਦਰਗੜ੍ਹ ਸਥਿਤ ਹਰਿਆਣਾ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ, ਸੋਨੀਪਤ ਸਥਿਤ ਡਾ. ਬੀ ਆਰ ਅੰਬੇਦਕਰ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਦੇਵੇਂਦਰ ਸਿੰਘ, ਪ੍ਰੋ-ਵਾਈਸ ਚਾਂਸਲਰ ਆਰ ਕੇ ਗੁਪਤਾ, ਆਈ ਏ ਐੱਸ ਸਾਕੇਤ ਕੁਮਾਰ, ਮਨੀਰਾਮ ਸ਼ਰਮਾ, ਵਿਜੇ ਕੁਮਾਰ ਸਿਧੱਪਾ ਭਾਵੀਕੱਟੀ, ਗੀਤ ਰਾਠੀ ਸਿੰਘ ਸਣੇ ਹੋਰ ਹਾਜ਼ਰ ਸਨ।
ਨਰੇਸ਼ ਕੌਸ਼ਲ ਦਾ ਸਨਮਾਨ ਕੀਤਾ
‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਅਤੇ ਹਰਿਆਣਾ ਸਕਾਊਟਸ ਐਂਡ ਗਾਈਡ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਨਰੇਸ਼ ਕੌਸ਼ਲ ਦਾ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਸਨਮਾਨ ਕੀਤਾ। ਇਸ ਦੌਰਾਨ ਨਰੇਸ਼ ਕੌਸ਼ਲ ਦੀ ਜਾਣ-ਪਛਾਣ ਕਰਵਾਉਣ ਮੌਕੇ ਦੱਸਿਆ ਗਿਆ ਕਿ ਉਹ ਸੰਗਠਨ ਦੇ ਸਭ ਤੋਂ ਸੀਨੀਅਰ ਸਕਾਊਟਸ ਵਿੱਚੋਂ ਇੱਕ ਹਨ। ਉਹ 1964 ਵਿੱਚ ਅਲਾਹਾਬਾਦ ਵਿੱਚ ਹੋਈ ਚੌਥੀ ਆਲ ਇੰਡੀਆ ਜੰਬੂਰੀ ਵਿੱਚ ਸ਼ਾਮਲ ਸਨ। ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

