DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bhagwant Mann ਅਹਿਮਦ ਸ਼ਾਹ ਅਬਦਾਲੀ ਵਰਗਾ ਵਿਹਾਰ ਕਰ ਰਹੇ: ਰਾਜਾ ਵੜਿੰਗ

ਸੰਗਰੂਰ ਦੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੱਧੂ ਵੱਲੋਂ ਕਾਲੀ ਝੰਡੀ ਦਿਖਾਉਣ ’ਤੇ ਪੁਲਿਸ ਵੱਲੋਂ ਤੀਜੇ ਦਰਜੇ ਦਾ ਤਸ਼ੱਦਦ ਢਾਹੁਣ ਦੇ ਗੰਭੀਰ ਦੋਸ਼: ਪੁਲੀਸ ਤਸ਼ੱਦਦ ਵਿਰੁੱਧ ਕਾਂਗਰਸ ਪਹੁੰਚੀ NHRC

  • fb
  • twitter
  • whatsapp
  • whatsapp
featured-img featured-img
Raja Warring ਦੀ ਫਾਈਲ ਫੋਟੋ
Advertisement

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਨਿਸ਼ਾਨਾ ਸੇਧਦਿਆਂ ਉਨ੍ਹਾਂ ਦੀ ਤੁਲਨਾ ‘ਅਹਿਮਦ ਸ਼ਾਹ ਅਬਦਾਲੀ’ ਨਾਲ ਕੀਤੀ ਹੈ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਰਹਿਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਸਿੱਧੂ ’ਤੇ ਹੋਏ ਪੁਲੀਸ ਤਸ਼ੱਦਦ ’ਤੇ ਸ਼ਰਮ ਆਉਣੀ ਚਾਹੀਦੀ ਹੈ, ਜਿਸ ਨੇ ਮੁੱਖ ਮੰਤਰੀ ਦੇ ਪਿੰਡ ਦੌਰੇ ਦੌਰਾਨ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੂੰ ਵੱਖ-ਵੱਖ ਪੱਤਰ ਲਿਖ ਕੇ ਮੋਹਨਜੀਤ ਸਿੱਧੂ ’ਤੇ ਹੋਏ ਬੇਰਹਿਮ ਹਮਲੇ, ਗੈਰ-ਕਾਨੂੰਨੀ ਹਿਰਾਸਤ ਅਤੇ ਪੁਲੀਸ ਹਿਰਾਸਤ ਵਿੱਚ ਦਿੱਤੇ ਗਏ ਤਸ਼ੱਦਦ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

Advertisement

ਕਾਂਗਰਸੀ ਆਗੂਆਂ ਅਨੁਸਾਰ ਸਿੱਧੂ ਨੇ 2 ਸਤੰਬਰ ਨੂੰ ਮੁੱਖ ਮੰਤਰੀ ਦੇ ਪਿੰਡ ਆਉਣ ’ਤੇ ਕਾਲਾ ਕੱਪੜਾ ਲਹਿਰਾ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਵਾਇਰਲ ਹੋਈ ਸੀ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕਤਾ ਫੈਲਾਉਣ ਵਾਲਾ ਸਿੱਧੂ ਮੁੱਖ ਮੰਤਰੀ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਸੂਬਾ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨਸ਼ਿਆਂ ’ਤੇ ਠੱਲ੍ਹ ਪਾਉਣ ਵਿੱਚ ਨਾਕਾਮ ਰਹੀ ਹੈ।

Advertisement

NHRC ਨੂੰ ਲਿਖੇ ਪੱਤਰ ’ਚ ਵੜਿੰਗ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਪੁਲੀਸ ਕਰਮਚਾਰੀਆਂ ਨੇ ਸਿੱਧੂ ਦੀ ਲਗਭਗ ਇੱਕ ਘੰਟਾ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸੁਨਾਮ ਅਨਾਜ ਮੰਡੀ ਲਿਜਾਇਆ ਗਿਆ, ਜਿੱਥੇ ਉਸ ’ਤੇ ਇਲੈਕਟ੍ਰਿਕ ਝਟਕੇ ਦੇਣ ਸਮੇਤ ਤੀਜੇ ਦਰਜੇ ਦਾ ਤਸ਼ੱਦਦ ਢਾਹਿਆ ਗਿਆ। ਸਿੱਧੂ ਦਾ ਦਾਅਵਾ ਹੈ ਕਿ ਪੁਲੀਸ ਨੇ ਉਸ ਨੂੰ ਜ਼ਬਰਦਸਤੀ ਨਸ਼ਾ ਪਿਲਾਇਆ ਅਤੇ ਬਾਅਦ ਵਿੱਚ ਡੋਪ ਟੈਸਟ ਕਰਵਾ ਕੇ ਪਾਜ਼ੇਟਿਵ ਦਿਖਾ ਦਿੱਤਾ। ਹੁਣ ਉਸ ਖ਼ਿਲਾਫ਼ ਨਸ਼ਾ ਕਰਨ ਦੇ ਦੋਸ਼ ਹੇਠ ਝੂਠੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਰਾਜਾ ਵੜਿੰਗ ਨੇ ਲਿਖਿਆ, “ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਤਸ਼ੱਦਦ ਤੇ ਝੂਠੀ ਐੱਫ.ਆਈ.ਆਰ. ਲਈ ਜ਼ਿੰਮੇਵਾਰ ਪੁਲੀਸ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।” ਉਨ੍ਹਾਂ ਇਸ ਘਟਨਾ ਨੂੰ ‘ਆਪ’ ਸਰਕਾਰ ਦੇ ਰਾਜ ਵਿੱਚ ‘ਪੁਲੀਸ ਦੀ ਬੇਰਹਿਮੀ ਅਤੇ ਦਰਿੰਦਗੀ’ ਦਾ ਪ੍ਰਤੀਕ ਕਰਾਰ ਦਿੱਤਾ।

ਦੂਜੇ ਪਾਸੇ, ਪ੍ਰਤਾਪ ਸਿੰਘ ਬਾਜਵਾ ਨੇ NHRC ਦੇ ਚੇਅਰਮੈਨ ਜਸਟਿਸ ਵੀ. ਰਾਮਾਸੁਬਰਾਮਨੀਅਮ ਨੂੰ ਭੇਜੀ ਅਰਜ਼ੀ ਵਿੱਚ ਮਾਮਲੇ ਦਾ ਸੂ ਮੋਟੋ ਨੋਟਿਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਸੁਤੰਤਰ ਜਾਂਚ, ਦੋਸ਼ੀ ਡੀ.ਐੱਸ.ਪੀ. ਤੇ ਹੋਰ ਪੁਲੀਸ ਕਰਮਚਾਰੀਆਂ ਦੀ ਤੁਰੰਤ ਮੁਅੱਤਲੀ, ਥਾਣੇ ਦੀ ਸੀ.ਸੀ.ਟੀ.ਵੀ. ਫੁਟੇਜ ਸਮੇਤ ਸਾਰੇ ਸਬੂਤ ਸੁਰੱਖਿਅਤ ਰੱਖਣ, ਸਿੱਧੂ ਦਾ ਸੁਤੰਤਰ ਮੈਡੀਕਲ ਮੁਆਇਨਾ ਕਰਵਾਉਣ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।

ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਇਹ ਦੋਸ਼ ਸੱਚ ਹਨ ਤਾਂ ਇਹ ਮੌਲਿਕ ਅਧਿਕਾਰਾਂ, ਜਿਊਣ ਦੇ ਅਧਿਕਾਰ, ਨਿੱਜੀ ਆਜ਼ਾਦੀ ਅਤੇ ਸ਼ਾਂਤਮਈ ਪ੍ਰਗਟਾਵੇ ਦੀ ਆਜ਼ਾਦੀ ਦੀ ਗੰਭੀਰ ਉਲੰਘਣਾ ਹੈ। ਉਨ੍ਹਾਂ ਕਿਹਾ, “ਪੰਜਾਬ ਕੋਈ ਪੁਲੀਸ ਰਾਜ ਨਹੀਂ ਹੈ। ਕਿਸੇ ਵੀ ਸਰਕਾਰ ਜਾਂ ਪੁਲੀਸ ਨੂੰ ਸ਼ਾਂਤਮਈ ਵਿਰੋਧ ਨੂੰ ਅਪਰਾਧ ਮੰਨਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।”

ਮੀਡੀਆ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਧੂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਬਾਜਵਾ ਪਹਿਲਾਂ ਹੀ ਪੀੜਤ ਨੌਜਵਾਨ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਉਹ ਖੁਦ ਵੀ ਜਲਦ ਉਸ ਨੂੰ ਮਿਲਣਗੇ। ਵੜਿੰਗ ਨੇ ਐਲਾਨ ਕੀਤਾ ਕਿ ‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਖ਼ਿਲਾਫ਼ ਕਾਂਗਰਸ 8 ਸਤੰਬਰ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਕਰੇਗੀ। ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਬਾਰੇ ਉਨ੍ਹਾਂ ਦੱਸਿਆ ਕਿ ਤਾਰੀਖਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਐਲਾਨ ਕੀਤਾ ਜਾਵੇਗਾ।

Advertisement
×