Bhagwant Mann Documentary: ਭਗਵੰਤ ਮਾਨ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ‘ਸਤੌਜ ਤੋਂ ਸੰਸਦ ਤੱਕ’ ਰਿਲੀਜ਼
ਫਿਲਮ ਵਿੱਚ ਆਮ ਘਰ ਤੋਂ ਉਠ ਕੇ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ ਦਰਸਾਇਆ; ਡਿਸਕਵਰੀ ਚੈਨਲ ਨੇ ਸੱਤ ਭਾਸ਼ਾਵਾਂ ’ਚ ਫਿਲਮ ਤਿਆਰ ਕੀਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀਵਨ ’ਤੇ ਆਧਾਰਿਤ ਫਿਲਮ ‘ਸਤੌਜ ਤੋਂ ਸੰਸਦ ਤੱਕ’ ਅੱਜ ਸ਼ਾਮ ਰਿਲੀਜ਼ ਕੀਤੀ ਗਈ ਹੈ। ਡਿਸਕਵਰੀ ਚੈਨਲ ਇੰਡੀਆ ਨੇ ਇਹ 45 ਮਿੰਟ ਦੀ ਵਿਸ਼ੇਸ਼ ਦਸਤਾਵੇਜ਼ੀ ਫਿਲਮ ਸੱਤ ਵੱਖ ਵੱਖ ਭਾਸ਼ਾਵਾਂ ’ਚ ਤਿਆਰ ਕੀਤੀ ਹੈ। ਇਸ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਸਤੌਜ ਦੇ ਆਮ ਘਰ ਤੋਂ ਉੱਠ ਕੇ ਕਲਾਕਾਰ ਵਜੋਂ ਪਛਾਣ ਬਣਾਉਣ, ਸੰਸਦ ਮੈਂਬਰ ਬਣਨ ਅਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜਣ ਦਾ ਸਫ਼ਰ ਦਰਸਾਇਆ ਗਿਆ ਹੈ।
ਇਸ ਫਿਲਮ ਰਾਹੀਂ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਬਚਪਨ ਦੀਆਂ ਅਹਿਮ ਯਾਦਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਖ਼ੁਦ ਖੇਤਾਂ ਵਿੱਚ ਕੰਮ ਕਰਨ, ਸਰਕਾਰੀ ਸਕੂਲ ਵਿੱਚ ਪੜ੍ਹਨ ਅਤੇ ਪੰਜਾਬ ਦੇ ਹਾਲਾਤ ਨੇੜਿਓਂ ਦੇਖਣ ਦੇ ਆਪਣੇ ਤਜਰਬੇ ਬਿਆਨ ਕੀਤੇ ਹਨ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਫਿਲਮ ਵਿੱਚ ਪੰਜਾਬ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਸੋਚ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਅਦਾਕਾਰ ਬਿੰਨੂ ਢਿੱਲੋਂ, ਕਰਮਜੀਤ ਅਨਮੋਲ ਅਤੇ ਗਾਇਕ ਮੁਹੰਮਦ ਸਦੀਕ ਨੇ ਦੱਸਿਆ ਕਿ ਕਿਵੇਂ ਮਾਨ ਨੇ ਵਿਅੰਗਕਾਰ ਵਜੋਂ ਲੋਕਾਂ ਦੀਆਂ ਜ਼ਮੀਨੀ ਸਮੱਸਿਆਵਾਂ ਉਭਾਰ ਕੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ।
ਭਾਜਪਾ ਨੇ ਵੀ ਮੁੱਖ ਮੰਤਰੀ ਖ਼ਿਲਾਫ਼ ਫਿਲਮ ਜਾਰੀ ਕੀਤੀ
ਪੰਜਾਬ ਭਾਜਪਾ ਨੇ ਵੀ ਮੁੱਖ ਮੰਤਰੀ ਖ਼ਿਲਾਫ਼ ਇੱਕ ਘੰਟੇ ਦੀ ਫਿਲਮ ਜਾਰੀ ਕੀਤੀ ਹੈ। ਇਸ ਫਿਲਮ ਰਾਹੀਂ ਭਗਵੰਤ ਮਾਨ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਅਤੇ ਸੱਤਾ ਵਿੱਚ ਆਉਣ ਮਗਰੋਂ ਬਦਲੇ ਰਵੱਈਏ ਨੂੰ ਪੇਸ਼ ਕੀਤਾ ਹੈ। ਫਿਲਮ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਧਰਨਿਆਂ ’ਚੋਂ ਨਿਕਲੀ ਪਾਰਟੀ ਹੁਣ ਆਪਣੇ ਹੱਕ ਮੰਗਦੇ ਲੋਕਾਂ ’ਤੇ ਲਾਠੀਚਾਰਜ ਕਰਵਾ ਰਹੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਨਸ਼ਿਆਂ ਦੇ ਮੌਜੂਦਾ ਹਾਲਾਤ ਅਤੇ ਹੋਰ ਮੁੱਦਿਆਂ ’ਤੇ ਵੀ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ।

