Bhagwanpur Industrial Area: ਸਨਅਤੀ ਖੇਤਰ ਦੀਆਂ ਸੜਕਾਂ ਦੀ ਹਾਲਤ ਖ਼ਸਤਾ
ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਪਿੰਡ ਭਗਵਾਨਪੁਰ ਦੇ ਸਨਅਤੀ ਖੇਤਰ ਵਿੱਚ ਸੜਕਾਂ ਦੀ ਮਾੜੀ ਹਾਲਤ ਸਥਾਨਕ ਸਨਅਤਕਾਰਾਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਬਣ ਗਈ ਹੈ। ਲੰਮੇ ਸਮੇਂ ਤੋਂ ਪ੍ਰਸ਼ਾਸਨਿਕ ਅਣਦੇਖੀ ਦਾ ਸ਼ਿਕਾਰ ਇਨ੍ਹਾਂ ਸੜਕਾਂ ’ਤੇ ਵੱਡੇ-ਵੱਡੇ ਟੋਏ ਪੈ ਗਏ ਹਨ। ਸੜਕ ’ਤੇ...
ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਪਿੰਡ ਭਗਵਾਨਪੁਰ ਦੇ ਸਨਅਤੀ ਖੇਤਰ ਵਿੱਚ ਸੜਕਾਂ ਦੀ ਮਾੜੀ ਹਾਲਤ ਸਥਾਨਕ ਸਨਅਤਕਾਰਾਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਬਣ ਗਈ ਹੈ। ਲੰਮੇ ਸਮੇਂ ਤੋਂ ਪ੍ਰਸ਼ਾਸਨਿਕ ਅਣਦੇਖੀ ਦਾ ਸ਼ਿਕਾਰ ਇਨ੍ਹਾਂ ਸੜਕਾਂ ’ਤੇ ਵੱਡੇ-ਵੱਡੇ ਟੋਏ ਪੈ ਗਏ ਹਨ। ਸੜਕ ’ਤੇ ਪਏ ਟੋਇਆਂ ਵਿੱਚ ਮਾਲ ਨਾਲ ਲੱਦਿਆ ਟਰੱਕ ਫਸ ਜਾਣ ਕਾਰਨ ਕਾਫ਼ੀ ਸਮਾਂ ਇੱਥੇ ਆਵਾਜਾਈ ਠੱਪ ਰਹੀ। ਇਸ ਨਾਲ ਆਸ-ਪਾਸ ਦੀਆਂ ਫੈਕਟਰੀਆਂ ਦੇ ਮਾਲ ਦੀ ਆਵਾਜਾਈ ਪ੍ਰਭਾਵਿਤ ਹੋਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਇੱਥੇ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ, ਪਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਇਸ ਗੰਭੀਰ ਸਮੱਸਿਆ ਖ਼ਿਲਾਫ਼ ਸਥਾਨਕ ਸਨਅਤ ਮਾਲਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਲੱਖਾਂ ਰੁਪਏ ਦਾ ਟੈਕਸ ਅਦਾ ਕਰਦੇ ਹਨ, ਇਸ ਦੇ ਬਾਵਜੂਦ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਨਸੀਬ ਨਹੀਂ ਹੋ ਰਹੀਆਂ। ਖ਼ਰਾਬ ਸੜਕਾਂ ਕਾਰਨ ਨਾ ਕੇਵਲ ਕੱਚਾ ਅਤੇ ਪੱਕਾ ਮਾਲ ਲਿਆਉਣ-ਲਿਜਾਣ ਵਾਲੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਹਾਦਸੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਸਨਅਤ ਮਾਲਕਾਂ ਅਤੇ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਗਵਾਨਪੁਰ ਸਨਅਤੀ ਖੇਤਰ ਦੀਆਂ ਖ਼ਸਤਾਹਾਲ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇੱਥੇ ਨਵੀਆਂ ਬਜਰੀ-ਲੁੱਕ ਵਾਲੀਆਂ ਸੜਕਾਂ ਬਣਾਈਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਜਲਦ ਹੀ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ, ਤਾਂ ਉਹ ਸੰਘਰਸ਼ ਦਾ ਰਾਹ ਚੁਣਨ ਲਈ ਮਜਬੂਰ ਹੋਣਗੇ।

