
ਚੋਰੀ ਦੀ ਘਟਨਾ ਉਪਰੰਤ ਦੁਕਾਨਦਾਰ ਜਾਣਕਾਰੀ ਦਿੰਦਾ ਹੋਇਆ।
ਸਰਬਜੀਤ ਸਿੰਘ ਭੱਟੀ
ਲਾਲੜੂ, 5 ਫਰਵਰੀ
ਲਾਲੜੂ ਥਾਣੇ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਸਥਿਤ ਇਕ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਵਾਲੀਆਂ ਬੈਟਰੀਆਂ ਚੋਰੀ ਕਰ ਲਈਆਂ। ਪੀੜਤ ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਬਾਰੇ ਉਨ੍ਹਾਂ ਨੂੰ ਸਵੇਰੇ ਛੇ ਵਜੇ ਦੇ ਕਰੀਬ ਪਤਾ ਲੱਗਾ, ਜਦੋਂ ਉਸ ਦੇ ਪਿਤਾ ਦੁਕਾਨ ’ਤੇ ਗਏ ਤਾਂ ਦੁਕਾਨ ਦਾ ਅੱਧਾ ਸ਼ਟਰ ਖੁੱਲਾ ਪਿਆ ਸੀ ਅਤੇ ਅੰਦਰ ਸਾਮਾਨ ਗਾਈਬ ਸੀ। ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਐਕਸਾਈਡ ਦੀ ਬੈਟਰੀਆਂ ਦੀ ਏਜੰਸੀ ਹੈ, ਦੁਕਾਨ ਵਿੱਚ ਕਰੀਬ ਡੇਢ ਲੱਖ ਰੁਪਏ ਦੀ ਬੈਟਰੀਆਂ ਰੱਖੀਆ ਹੋਈਆਂ ਸਨ, ਅਸ਼ੋਕ ਕੁਮਾਰ ਨੇ ਦੱਸਿਆ ਕਿ ਦੁਕਾਨ ਅੱਗੇ ਕਿਸੇ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਵੀ ਵੇਖੇ ਗਏ ਹਨ, ਉਨ੍ਹਾਂ ਸ਼ੰਕਾ ਜਤਾਈ ਕਿ ਚੋਰ ਸ਼ਾਇਦ ਕਿਸੇ ਗੱਡੀ ਵਿੱਚ ਬੈਟਰੀਆਂ ਲੱਦ ਕੇ ਲੈ ਗਏ ਹਨ, ਜਦ ਕਿ ਮਾਰਕੀਟ ਵਿੱਚ ਚੌਕੀਦਾਰ ਵੀ ਰੱਖਿਆ ਹੋਇਆ ਹੈ। ਚੋਰੀ ਦੀ ਘਟਨਾ ਬਾਰੇ ਸਥਾਨਕ ਪੁਲੀਸ ਨੂੰ ਸੁੂਚਨਾ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਥਾਣੇ ਦੇ ਸਾਹਮਣੇ ਸਰਵਿਸ ਰੋਡ ’ਤੇ ਇਕ ਸਕੂਲ ਪੜ੍ਹਨ ਵਾਲੇ ਲੜਕੇ ਤੋਂ ਦਿਨ ਦਿਹਾੜੇ ਮੋਬਾਈਲ ਖੋਹ ਕੇ ਲੁਟੇਰੇ ਫਰਾਰ ਹੋ ਗਏ, ਜਿਨ੍ਹਾਂ ਕੋਲ ਬਿਨਾ ਨੰਬਰੀ ਮੋਟਰਸਾਈਕਲ ਸੀ। ਇਸ ਤੋਂ ਪਹਿਲਾਂ ਵੀ ਐਚ.ਡੀ.ਐਫ.ਸੀ ਬੈਂਕ ਕੋਲ ਦੇਰ ਸ਼ਾਮ ਵੇਲੇ ਇਕ ਨੌਜਵਾਨ ਦੀ ਮੋਟਰਸਾਇਕਲ ਤੇ ਸਵਾਰ ਕਈ ਨੌਜਵਾਨਾ ਨੇ ਕਾਫੀ ਕੁੱਟਮਾਰ ਕੀਤੀ, ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਡੇਰਾਬਸੀ ਦਾਖਲ ਕਰਵਾਇਆ ਗਿਆ। ਪੁਲੀਸ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ