ਆਜ਼ਾਦੀ ਦਿਹਾੜੇ ਸਮਾਗਮ ਦੌਰਾਨ ਬਠਿੰਡਾ ਦੀ SSP ਡਾ. ਜਯੋਤੀ ਯਾਦਵ ਦੀ ਵਿਗੜੀ ਤਬੀਅਤ
ਗਰਮੀ ਤੇ ਹੁੰਮਸ ਕਾਰਨ ਚੱਕਰ ਆਉਣ ਮਗਰੋਂ ਐਸ.ਐਸ.ਪੀ. ਨੂੰ ਮੈਡੀਕਲ ਰੂਮ ਲਿਜਾਇਆ ਗਿਆ
ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸ਼ਨੀਵਾਰ ਨੂੰ ਕਈ ਅਣਕਿਆਸੀਆਂ ਘਟਨਾਵਾਂ ਵਾਪਰੀਆਂ। ਸਮਾਗਮ ਦੌਰਾਨ ਭਾਰੀ ਗਰਮੀ ਅਤੇ ਹੁੰਮਸ ਭਰੇ ਮੌਸਮ ਕਾਰਨ ਐੱਸ.ਐੱਸ.ਪੀ (SSP) ਡਾ. ਜਯੋਤੀ ਯਾਦਵ ਅਤੇ ਦੋ ਔਰਤ ਕਾਂਸਟੇਬਲਾਂ ਨੂੰ ਚੱਕਰ ਆ ਗਏ। ਇਸ ਤੋਂ ਇਲਾਵਾ ਸਮਾਗਮ ਦੌਰਾਨ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵਿਚਕਾਰ ਹੋਈ ਜਨਤਕ ਤਕਰਾਰ ਨੇ ਵੀ ਸਭ ਦਾ ਧਿਆਨ ਖਿੱਚਿਆ।
ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਜਦੋਂ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਤਾਂ ਐਸ.ਐਸ.ਪੀ. ਡਾ. ਜਯੋਤੀ ਯਾਦਵ ਉਨ੍ਹਾਂ ਦੇ ਨੇੜੇ ਹੀ ਖੜ੍ਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਘਬਰਾਹਟ ਮਹਿਸੂਸ ਹੋਈ ਅਤੇ ਜਿਵੇਂ ਹੀ ਉਨ੍ਹਾਂ ਨੇ ਉੱਥੋਂ ਹਟਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਚੱਕਰ ਆ ਗਿਆ। ਮੌਕੇ ’ਤੇ ਮੌਜੂਦ ਐਨ.ਸੀ.ਸੀ. (NCC) ਕੈਡੇਟਾਂ ਅਤੇ ਸਾਦੇ ਕੱਪੜਿਆਂ ’ਚ ਤਾਇਨਾਤ ਮਹਿਲਾ ਪੁਲੀਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਸਟੇਡੀਅਮ ਵਿੱਚ ਹੀ ਬਣਾਏ ਗਏ ਮੈਡੀਕਲ ਰੂਮ ਵਿੱਚ ਪਹੁੰਚਾਇਆ। ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਮੁੰਡੀਆ ਨੇ ਦੱਸਿਆ ਕਿ ਐਸ.ਐਸ.ਪੀ. ਦੀ ਹਾਲਤ ਹੁਣ ਸਥਿਰ ਹੈ ਅਤੇ ਬਲੱਡ ਪ੍ਰੈਸ਼ਰ (BP) ਘਟਣ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ।
ਵਿਧਾਇਕ ਤੇ ਪੀ.ਸੀ.ਏ. ਪ੍ਰਧਾਨ ਵਿਚਾਲੇ ਤਿੱਖੀ ਬਹਿਸ
ਸਮਾਗਮ ਦੌਰਾਨ ਬਠਿੰਡਾ ਸ਼ਹਿਰੀ ਤੋਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪੀ.ਸੀ.ਏ. ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਜਨਤਕ ਬਹਿਸ ਹੋ ਗਈ। ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਤੁਰੰਤ ਵਿਚ-ਬਚਾਅ ਕਰਕੇ ਦੋਵਾਂ ਆਗੂਆਂ ਨੂੰ ਸ਼ਾਂਤ ਕਰਵਾਇਆ।
ਝੰਡਾ ਲਹਿਰਾਉਣ ਦੇ ਸਮੇਂ ’ਤੇ ਉੱਠੇ ਸਵਾਲ
ਦੂਜੇ ਪਾਸੇ, ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੇ ਸਮੇਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ। ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਝੰਡਾ ਤੈਅ ਸਮੇਂ ਤੋਂ ਪਹਿਲਾਂ ਲਹਿਰਾਇਆ ਗਿਆ ਹੈ। ਹਾਲਾਂਕਿ, ਕੈਬਨਿਟ ਮੰਤਰੀ ਮੁੰਡੀਆ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਸਮ ਸਮੇਂ ਤੋਂ ਪਹਿਲਾਂ ਨਹੀਂ ਨਿਭਾਈ ਗਈ ਅਤੇ ਝੰਡਾ ਨਿਰਧਾਰਤ ਸਮੇਂ ਤੋਂ ਸਿਰਫ਼ ਕੁਝ ਸੈਕਿੰਡ ਪਹਿਲਾਂ ਹੀ ਲਹਿਰਾਇਆ ਗਿਆ ਹੋਵੇਗਾ। ਮੁੰਡੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੌਸਮ ਦੀ ਖਰਾਬੀ ਨੂੰ ਵੇਖਦਿਆਂ ਉਨ੍ਹਾਂ ਨੇ ਆਪਣਾ ਭਾਸ਼ਣ ਸੰਖੇਪ ਰੱਖਿਆ ਅਤੇ ਪ੍ਰਸ਼ਾਸਨ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਛੋਟੇ ਬੱਚਿਆਂ ਨੂੰ ਸਮਾਗਮ ਵਿੱਚ ਸ਼ਾਮਲ ਨਹੀਂ ਸੀ ਕੀਤਾ।

