ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਬੂਟਾਸਿੰਘ ਵਾਲਾ ਨੇੜੇ ਢਾਈ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਨੌਜਵਾਨਾਂ ਦਾ ਬਨੂੜ ਪੁਲੀਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਪਰਿਵਾਰਾਂ ਅਤੇ ਭਰਾਤਰੀ ਜਥੇਬੰਦੀਆਂ ਨੇ 23 ਸਤੰਬਰ ਨੂੰ ਬਨੂੜ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਬਨੂੜ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕ ਗਗਨਦੀਪ ਪਿੰਡ ਚੰਗੇਰਾ ਦੇ ਪਿਤਾ ਰਘਬੀਰ ਸਿੰਘ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਅੰਬੇਦਕਰ ਸਭਾ ਦੇ ਆਗੂ ਜਗਤਾਰ ਸਿੰਘ ਬਨੂੜ, ਹਰਵਿੰਦਰ ਸਿੰਘ ਮਨੌਲੀ, ਤਰਸੇਮ ਸਿੰਘ, ਜਤਿੰਦਰ ਸਿੰਘ, ਰੂਪ ਚੰਦ, ਗਰਜੰਟ ਸਿੰਘ, ਮੋਹਨ ਸਿੰਘ ਸੋਢੀ ਨੇ ਦੱਸਿਆ ਕਿ ਜੇ ਚਲਾਨ ਪੇਸ਼ ਨਾ ਕੀਤਾ ਗਿਆ ਉਹ 23 ਸਤੰਬਰ ਨੂੰ ਬਨੂੜ ਥਾਣੇ ਦਾ ਘਿਰਾਓ ਕਰਨਗੇ। ਥਾਣਾ ਬਨੂੜ ਦੇ ਐੱਸਐੱਸਓ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਸਬੰਧਿਤ ਕੇਸ ਦਾ ਚਲਾਨ ਪੜਤਾਲ ਲਈ ਡੀਏ ਲੀਗਲ ਕੋਲ ਭੇਜਿਆ ਗਿਆ ਹੈ ਅਤੇ ਚਲਾਨ ਪਾਸ ਹੋਣ ਉਪਰੰਤ ਅਦਾਲਤ ਵਿਚ ਪੇਸ਼ ਕਰ ਦਿੱਤਾ ਜਾਵੇਗਾ।