Banur Nagar Council Election: ਬਲਜੀਤ ਸਿੰਘ ਬਨੂੜ ਨਗਰ ਕੌਂਸਲ ਦੇ ਪ੍ਰਧਾਨ ਬਣੇ
ਇੱਥੇ 13 ਮੈਂਬਰੀ ਨਗਰ ਕੌਂਸਲ ਬਨੂੜ ਦੀ ਅੱਜ ਹੋਈ ਚੋਣ ਵਿੱਚ 6 ਕੌਂਸਲਰਾਂ ਅਤੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ‘ਆਪ’ ਦੇ ਕੌਂਸਲਰ ਬਲਜੀਤ ਸਿੰਘ ਨੂੰ ਪ੍ਰਧਾਨ ਅਤੇ ਲਖਵਿੰਦਰ ਸਿੰਘ ਲੱਖੀ ਸੰਧੂ ਨੂੰ ਉਪ ਪ੍ਰਧਾਨ ਚੁਣ ਲਿਆ। ‘ਆਪ’ ਦੇ...
ਇੱਥੇ 13 ਮੈਂਬਰੀ ਨਗਰ ਕੌਂਸਲ ਬਨੂੜ ਦੀ ਅੱਜ ਹੋਈ ਚੋਣ ਵਿੱਚ 6 ਕੌਂਸਲਰਾਂ ਅਤੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ‘ਆਪ’ ਦੇ ਕੌਂਸਲਰ ਬਲਜੀਤ ਸਿੰਘ ਨੂੰ ਪ੍ਰਧਾਨ ਅਤੇ ਲਖਵਿੰਦਰ ਸਿੰਘ ਲੱਖੀ ਸੰਧੂ ਨੂੰ ਉਪ ਪ੍ਰਧਾਨ ਚੁਣ ਲਿਆ। ‘ਆਪ’ ਦੇ ਚਾਰ ਅਤੇ ਕਾਂਗਰਸ ਦੇ ਤਿੰਨ ਕੌਂਸਲਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਚੋਣ ਵਾਲੇ ਕਮਰੇ ਵਿੱਚ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਪੁਲੀਸ ਉੱਤੇ ਧੱਕਾ-ਮੁੱਕੀ ਦੇ ਦੋਸ਼ ਵੀ ਲਾਏ। ‘ਆਪ’ ਦੇ ਕੌਂਸਲਰ ਅਤੇ ਪ੍ਰਧਾਨਗੀ ਦੇ ਦਾਅਵੇਦਾਰ ਹਰਜੋਤ ਸਿੰਘ ਬਾਜਵਾ ਨੇ ਆਪਣੇ ਬੁੱਲ੍ਹ ’ਤੇ ਲੱਗੀ ਸੱਟ ਵਿਖਾਉਂਦਿਆਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਵੱਟ ਮਾਰਿਆ। ਕਾਂਗਰਸ ਦੀ ਕੌਂਸਲਰ ਪ੍ਰੀਤੀ ਵਾਲੀਆ ਨੇ ਵੀ ਮਹਿਲਾ ਕੌਂਸਲਰਾਂ ਨੂੰ ਕਮਰੇ ਵਿੱਚ ਬੰਦ ਕਰਨ ਅਤੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ ਲਾਏ।
ਅੱਜ ਸਵੇਰ ਤੋਂ ਹੀ ਪੁਲੀਸ ਨੇ ਨਗਰ ਕੌਂਸਲ ਦਫ਼ਤਰ ਦੇ ਆਲੇ-ਦੁਆਲੇ ਦੇ ਸਮੁੱਚੇ ਖੇਤਰ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ। ਪੁਲੀਸ ਨੇ ਐੱਮ ਸੀ ਰੋਡ ’ਤੇ ਥਾਂ-ਥਾਂ ਬੈਰੀਕੇਡ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ। ਪੁਲੀਸ ਨੇ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਬਨੂੜ ਪ੍ਰੈੱਸ ਕਲੱਬ ਨੇ ਪੁਲੀਸ ਦੀ ਧੱਕੇਸ਼ਾਹੀ ਦੀ ਨਿੰਦਾ ਕਰਦਿਆਂ ਉੱਚ ਅਧਿਕਾਰੀਆਂ ਤੋਂ ਪ੍ਰੈੱਸ ਦੀ ਆਜ਼ਾਦੀ ਦੇ ਦਖ਼ਲ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਚੋਣ ਕਮਰੇ ਵਿਚ ਨਾ ਜਾਣ ਦੇਣ ਵਾਲੇ ਸੱਤ ਕੌਂਸਲਰਾਂ ਨੇ ਹਰਜੋਤ ਸਿੰਘ ਬਾਜਵਾ ਅਤੇ ਪ੍ਰੀਤੀ ਵਾਲੀਆ ਦੀ ਅਗਵਾਈ ਹੇਠ ਹਲਕਾ ਵਿਧਾਇਕਾ ਨੀਨਾ ਮਿੱਤਲ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਅਦਾਲਤ ਵਿੱਚ ਵੀ ਚੁਣੌਤੀ ਦੇਣਗੇ।
ਡੀ ਐੱਸ ਪੀ ਸੁਖਦੇਵ ਸਿੰਘ ਨੇ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬਾਗੀ ਅਤੇ ਕਾਂਗਰਸੀ ਕੌਂਸਲਰਾਂ ਨੇ ਹੰਗਾਮਾ ਕੀਤਾ ਸੀ, ਜਿਸ ਕਰ ਕੇ ਉਨ੍ਹਾਂ ਨੂੰ ਹੰਗਾਮੇ ਤੋਂ ਰੋਕਿਆ ਗਿਆ ਸੀ।
ਹੁਕਮਰਾਨ ਧਿਰ ਨੇ ਚੋਣ ਲੁੱਟੀ: ਕੰਬੋਜ
ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਹੁਕਮਰਾਨ ਧਿਰ ਨੇ ਪਹਿਲਾਂ ਰਾਜਪੁਰਾ ਅਤੇ ਅੱਜ ਬਨੂੜ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ ਚੋਣ ਲੁੱਟੀ ਹੈ। ਉਨ੍ਹਾਂ ਕਿਹਾ ਕਿ ਜੇ ਵੋਟਾਂ ਪੈਣੀਆਂ ਹੀ ਨਹੀਂ ਸੀ ਫੇਰ ਚੋਣ ਰੱਖੀ ਹੀ ਕਿਉਂ ਗਈ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਰਾਹ ਬੰਦ ਕਰ ਕੇ, ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰ ਕੇ ਅਤੇ ਕੌਂਸਲਰਾਂ ਨੂੰ ਚੋਣ ਕਮਰੇ ਵਿੱਚ ਜਾਣੋ ਰੋਕ ਕੇ ਜਮੂਹਰੀਅਤ ਨੂੰ ਛਿੱਕੇ ਟੰਗਿਆ ਗਿਆ ਹੈ।
