DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Banur firing: ਬਨੂੜ ਦੇ ਬੈਰੀਅਰ ਚੌਂਕ ’ਤੇ ਖ਼ੂਨੀ ਝੜਪ: ਸਕਾਰਪੀਓ ਸਵਾਰ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ, ਇੱਕ ਗੰਭੀਰ ਜ਼ਖ਼ਮੀ

ਬਹਿਸਬਾਜ਼ੀ ਤੋਂ ਬਾਅਦ ਹਮਲਾਵਰਾਂ ਨੇ ਚਲਾਈਆਂ 7-8 ਗੋਲੀਆਂ; ਪੁਰਾਣੀ ਰੰਜਿਸ਼ ਦਾ ਖ਼ਦਸ਼ਾ

  • fb
  • twitter
  • whatsapp
  • whatsapp
Advertisement

ਬਨੂੜ ਸ਼ਹਿਰ ਦੇ ਮੁੱਖ ਬੈਰੀਅਰ ਚੌਂਕ ਨੇੜੇ ਬੀਤੀ ਅੱਧੀ ਰਾਤ ਨੂੰ ਸਕਾਰਪੀਓ ਸਵਾਰ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ੂਨੀ ਵਾਰਦਾਤ ਵਿੱਚ ਇੱਕ ਨੌਜਵਾਨ ਗੋਲੀਆਂ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜ਼ਖ਼ਮੀ ਨੌਜਵਾਨ ਜ਼ੀਰਕਪੁਰ ਦੇ ਇੱਕ ਨਾਮਵਰ ਦਰਜੀ (ਟੇਲਰ) ਕੋਲ ਕੰਮ ਕਰਦਾ ਹੈ।

ਆਪਣੇ ਸਾਥੀਆਂ ਨਾਲ ਜ਼ੀਰਕਪੁਰ ਤੋਂ ਕੰਮ ਕਰ ਕੇ ਪਰਤ ਰਿਹਾ ਸੀ ਸ਼ਖ਼ਸ

ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਸ਼ਹਿਰ ਦੇ ਵਾਰਡ ਨੰਬਰ 3 ਦਾ ਵਸਨੀਕ ਜਸਪ੍ਰੀਤ ਸਿੰਘ ਉਰਫ਼ ਕਾਲੀ ਬੀਤੀ ਰਾਤ ਕਰੀਬ 12 ਵਜੇ ਆਪਣੇ ਦੋ ਸਾਥੀਆਂ ਨਾਲ ਜ਼ੀਰਕਪੁਰ ਤੋਂ ਕੰਮ ਖ਼ਤਮ ਕਰਕੇ ਪਰਤ ਰਿਹਾ ਸੀ। ਜਦੋਂ ਉਹ ਬੈਰੀਅਰ ਚੌਂਕ ਨੇੜੇ ਖਾਣ-ਪੀਣ ਦਾ ਸਮਾਨ ਲੈਣ ਲਈ ਰੁਕੇ, ਤਾਂ ਉੱਥੇ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਕੁਝ ਨੌਜਵਾਨ ਆ ਕੇ ਰੁਕ ਗਏ। ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵਧ ਗਿਆ ਕਿ ਸਕਾਰਪੀਓ ਸਵਾਰ ਨੌਜਵਾਨਾਂ ਨੇ ਪਿਸਤੌਲ ਕੱਢ ਲਿਆ ਅਤੇ ਜਸਪ੍ਰੀਤ ’ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।

Advertisement

ਹਮਲਾਵਰਾਂ ਨੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 7 ਤੋਂ 8 ਗੋਲੀਆਂ ਚਲਾਈਆਂ, ਜਿਸ ਕਾਰਨ ਚੌਂਕ ਵਿੱਚ ਮੌਜੂਦ ਦੁਕਾਨਦਾਰਾਂ ਅਤੇ ਗਾਹਕਾਂ ਵਿੱਚ ਭਾਜੜ ਮੱਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜੇ। ਗੋਲੀਆਂ ਲੱਗਣ ਕਾਰਨ ਜਸਪ੍ਰੀਤ ਕਾਲੀ ਖੂਨ ਨਾਲ ਲਥਪਥ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜਸਪ੍ਰੀਤ ਦੇ ਸਾਥੀਆਂ ਅਤੇ ਰਾਹਗੀਰਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਪਹੁੰਚਾਇਆ।

Advertisement

ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਮਾਮਲਾ

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਵਿਰੁੱਧ ਜਲਦ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਥਾਣਾ ਮੁਖੀ ਅਨੁਸਾਰ ਜਸਪ੍ਰੀਤ ਕਾਲੀ ਦੇ ਸਰੀਰ ’ਤੇ ਕਿੰਨੀਆਂ ਗੋਲੀਆਂ ਲੱਗੀਆਂ ਹਨ, ਇਸ ਦੀ ਅਧਿਕਾਰਤ ਪੁਸ਼ਟੀ ਡਾਕਟਰਾਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਪੁਲੀਸ ਦੀ ਮੁਢਲੀ ਜਾਂਚ ਮੁਤਾਬਕ ਇਹ ਪੂਰਾ ਮਾਮਲਾ ਆਪਸੀ ਪੁਰਾਣੀ ਰੰਜਿਸ਼ ਦਾ ਪ੍ਰਤੀਤ ਹੁੰਦਾ ਹੈ, ਜਿਸ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

Advertisement
×