ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ’ਤੇ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਸੜਕ ਦੇ ਕਿਨਾਰੇ ਬਣੀ ਹੋਈ ਪੁਲੀ ਨਾਲ ਟਕਰਾ ਕੇ ਖਦਾਨਾਂ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਗੱਡੀ ਚਕਨਾਚੂਰ ਹੋ ਗਈ ਅਤੇ ਉਸ ਵਿੱਚ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀ ਨੌਜਵਾਨਾਂ ਦੀ ਪਹਿਚਾਣ ਸੋਨੂ ਉਮਰ 40 ਸਾਲ, ਸੰਦੀਪ ਉਮਰ 40 ਸਾਲ ਅਤੇ ਆਨੰਦ ਉਮਰ 28 ਸਾਲ ਸਾਰੇ ਵਾਸੀ ਹਰਿਆਣਾ ਵਜੋਂ ਹੋਈ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਹਰਿਆਣਾ ਤੋਂ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਤਿੰਨ ਨੌਜਵਾਨ ਅੰਬਾਲਾ ਤੋਂ ਵਾਇਆ ਤੇਪਲਾ ਹੋ ਕੇ ਬਨੂੜ ਵੱਲ ਆ ਰਹੇ ਸਨ। ਪਿੰਡ ਬਾਸਮਾਂ ਕਾਲੋਨੀ ਦੇ ਨੇੜੇ ਬਣੀ ਸਿੰਗਮਾ ਫੈਕਟਰੀ ਦੇ ਸਾਹਮਣੇ ਪਹੁੰਚੇ ਤਾਂ ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਹੋਈ ਪੁਲੀ ਨਾਲ ਟਕਰਾ ਕੇ ਥੱਲੇ ਖਦਾਨਾਂ ਵਿੱਚ ਡਿੱਗ ਗਈ।
ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਪਿੰਡ ਦੇ ਵਸਨੀਕਾਂ ਅਤੇ ਰਾਹਗੀਰਾਂ ਨੇ ਬੜੀ ਮੁਸ਼ਕਿਲ ਨਾਲ ਲੋਹੇ ਦੀਆਂ ਰਾਡਾਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

