ਬਦਨੌਰ ਵੱਲੋਂ ਮੁੜ ਤਾਲਾਬੰਦੀ ਦੇ ਸੰਕੇਤ

ਸ਼ਹਿਰ ਵਾਸੀਆਂ ’ਤੇ ਕਰੋਨਾ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਨੋਟਿਸ ਲਿਆ

ਬਦਨੌਰ ਵੱਲੋਂ ਮੁੜ ਤਾਲਾਬੰਦੀ ਦੇ ਸੰਕੇਤ

ਕੁਲਦੀਪ ਸਿੰਘ
ਚੰਡੀਗੜ੍ਹ, 10 ਜੁਲਾਈ

ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਹਰ ਰੋਜ਼ ਤੇਜ਼ੀ ਨਾਲ ਵੱਧ ਰਹੇ ਕਰੋਨਾਵਾਇਰਸ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਵਿੱਚ ਮੁੜ ਤਾਲਾਬੰਦੀ ਕੀਤੇ ਜਾਣ ਦੇ ਸੰਕੇਤ ਦਿੱਤੇ ਹਨ। ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤੀ ਗਈ ਕਰੋਨਾ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਸ਼ਹਿਰ ਦੇ ਲੋਕ ਕਰੋਨਾਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਬਣਾਏ ਨਿਯਮਾਂ ਅਤੇ ਹਦਾਇਤਾਂ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ। ਇਸ ਲਈ ਇਹਤਿਆਤ ਵਜੋਂ ਜੇਕਰ ਲੋੜ ਪਈ ਤਾਂ ਸ਼ਹਿਰ ਵਿੱਚ ਮੁੜ ਤੋਂ ਤਾਲਾਬੰਦੀ ਕੀਤੀ ਜਾ ਸਕਦੀ ਹੈ। ਇਹ ਤਾਲਾਬੰਦੀ ਖਾਸ ਕਰਕੇ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਕੀਤੀ ਜਾ ਸਕਦੀ ਹੈ। 

ਉਨ੍ਹਾਂ ਮੀਟਿੰਗ ਵਿੱਚ ਸ਼ਾਮਿਲ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ਉੱਤੇ ਚੈਕਿੰਗ ਵਧਾਈ ਜਾਵੇ ਤਾਂ ਜੋ ਇਨਫ਼ੈਕਸ਼ਨ ਫੈਲਣ ਦੇ ਕਾਰਨਾ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਡੀਜੀਪੀ ਸੰਜੇ ਬੈਨੀਵਾਲ ਨੂੰ ਹੁਕਮ ਦਿੱਤੇ ਕਿ ਸ਼ਹਿਰ ਵਿੱਚ ਰਾਤ 10 ਵਜੇ ਤੋਂ ਤੜਕੇ 5 ਵਜੇ ਤੱਕ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਕਰਫਿਊ ਦੌਰਾਨ ਜੇਕਰ ਕੋਈ ਵਿਅਕਤੀ ਜ਼ਰੂਰੀ ਕੰਮ ਤੋਂ ਬਿਨਾਂ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਉਸ ਦੇ ਵਾਹਨ ਨੂੰ ਤੁਰੰਤ ਜ਼ਬਤ ਕੀਤਾ ਜਾਵੇ।

ਮੀਟਿੰਗ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਸੈਕਟਰ-16 ਹਸਪਤਾਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਬੀ.ਐਚ. ਚਵਾਨ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀ. ਦੀਵਾਨ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਸਮੇੇਤ ਮੁਹਾਲੀ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਵੀ ਹਾਜ਼ਰ ਸਨ।

ਗੁਆਂਢੀ ਸੂਬਿਆਂ ਦੇ ਮਰੀਜ਼ਾਂ ਬਾਰੇ ਪ੍ਰੋਟੋਕੋਲ ਬਣਾਉਣ ਦੇ ਹੁਕਮ 

ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਮੀਟਿੰਗ ਵਿੱਚ ਹਾਜ਼ਰ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੂੰ ਹੁਕਮ ਦਿੱਤੇ ਕਿ ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਸਿਹਤ ਵਿਭਾਗਾਂ ਦੇ ਡਾਇਰੈਕਟਰਾਂ ਨਾਲ ਜਲਦ ਤੋਂ ਜਲਦ ਮੀਟਿੰਗ ਕਰਨ ਅਤੇ ਇਨ੍ਹਾਂ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਬਾਰੇ ਪ੍ਰੋਟੋਕੋਲ ਬਣਾਉਣ। ਉਨ੍ਹਾਂ ਕਿਹਾ ਕਿ ਭਾਵੇਂ ਪੀਜੀਆਈ ਵਿਚ ਕਿਸੇ ਮਰੀਜ਼ ਨੂੰ ਇਲਾਜ ਤੋਂ ਮਨ੍ਹਾਂ ਨਹੀਂ ਕੀਤਾ ਜਾ ਸਕਦਾ ਪਰ ਜਿਹੜੀਆਂ ਸਿਹਤ ਸਹੂਲਤਾਂ ਇਨ੍ਹਾਂ ਸੂਬਿਆਂ ਦੇ ਸਥਾਨਕ ਹਸਪਤਾਲਾਂ ਵਿੱਚ ਮੌਜੂਦ ਹਨ, ਉਹ ਸਹੂਲਤਾਂ ਮਰੀਜ਼ਾਂ ਨੂੰ ਉਥੇ ਹੀ ਦਿੱਤੀਆਂ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All