ਹਰਦੇਵ ਚੌਹਾਨ
ਚੰਡੀਗੜ੍ਹ, 24 ਸਤੰਬਰ
ਪੰਜਾਬ ਸਾਹਿਤ ਅਕਾਦਮੀ ਵੱਲੋਂ ਸਿਰਜਣਾਮਤਕ ਸਿੱਖਿਆ ਸੰਸਾਰ ਦੇ ਸਹਿਯੋਗ ਨਾਲ ਕਲਾ ਭਵਨ ਦੇ ਵਿਹੜੇ ਵਿਚ ਅੱਖਰਕਾਰਾਂ ਨੇ ਆਪਣੀ ਅੱਖਰਕਾਰੀ ਦੇ ਨਮੂਨਿਆਂ ਨੂੰ ਪ੍ਰਦਰਸ਼ਤ ਕੀਤਾ। ਇਸ ਮੇਲੇ ਵਿੱਚ 75 ਤੋਂ ਵੱਧ ਅੱਖਰਕਾਰ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਇਸ ਮੌਕੇ ਅੱਖਰਕਾਰੀ ਦੇ ਤੇਰਾਂ ਰਤਨਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਅੱਖਰਕਾਰ ਜਗਤਾਰ ਸੋਖੀ (ਫਿਰੋਜ਼ਪੁਰ), ਰਣਜੀਤ ਸਿੰਘ ਸੋਹਲ (ਮੋਗਾ), ਸਾਹਿਬ ਸਿੰਘ (ਮੁਕਤਸਰ), ਗੁਰਪ੍ਰੀਤ ਸਿੰਘ (ਮੋਗਾ), ਡਾ. ਇੰਦਰਪ੍ਰੀਤ ਸਿੰਘ ਧਾਮੀ (ਤਰਨਤਾਰਨ), ਕੰਵਰਦੀਪ ਥਿੰਦ (ਕਪੂਰਥਲਾ) ਸੁਰਿੰਦਰਪਾਲ ਸਿੰਘ (ਅੰਮ੍ਰਿਤਸਰ), ਗੋਪਾਲ ਸਿੰਘ (ਸੰਗਰੂਰ), ਸੋਨਜੀਤ (ਲੁਧਿਆਣਾ), ਬਿਮਲਾ (ਫ਼ਰੀਦਕੋਟ) ਡਾ. ਹਰਿੰਦਰ ਸਿੰਘ (ਫਿਰੋਜ਼ਪੁਰ) ਹਰਪ੍ਰੀਤ ਸਿੰਘ (ਫ਼ਤਹਿਗੜ੍ਹ ਸਾਹਿਬ) ਅਤੇ ਹਰਜਿੰਦਰ ਕੌਰ (ਹੁਸ਼ਿਆਰਪੁਰ) ਸ਼ਾਮਲ ਸਨ।
ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਜੀ ਆਇਆਂ ਕਹਿੰਦੇ ਹੋਏ ਸਾਰੇ ਅੱਖਰਕਾਰਾਂ ਅਤੇ ਵਿਸ਼ਾ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕਲਾ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰਸਤਾਵ ਲੈ ਕੇ ਆਉਣ, ਅਕਾਦਮੀ ਇਨ੍ਹਾਂ ਨੂੰ ਨੇਪਰੇ ਚਾੜ੍ਹਨ ’ਚ ਹਰ ਸੰਭਵ ਮਦਦ ਕਰੇਗੀ। ਉਰਮਨਦੀਪ ਸਿੰਘ ਨੇ ਅੱਖਰਕਾਰੀ ਦੇ ਇਤਿਹਾਸ ਤੇ ਚਰਚਾ ਕਰਦੇ ਹੋਏ ਪੰਜਾਬ ਵਿਚ ਅੱਖਰਕਾਰੀ ਦੇ ਬਹੁਤ ਸਾਰੇ ਨਮੂਨਿਆਂ ਦੀ ਨਿਸ਼ਾਨਦੇਹੀ ਕੀਤੀ। ਸਵਰਨਜੀਤ ਸਵੀ ਨੇ ਦੁਨੀਆ ਦੇ ਵੱਖ ਵੱਖ ਧਰਮਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਅੱਖਰਕਾਰੀ ਦੇ ਦੁਨੀਆ ਵਿਚ ਬੇਅੰਤ ਰੂਪ ਹਨ। ਉਨ੍ਹਾਂ ਕਿਹਾ ਕਿ ਅਰਬੀ ਫਾਰਸੀ ਵਿਚ ਅੱਖਰਕਾਰੀ ’ਤੇ ਬਹੁਤ ਕੰਮ ਹੋਇਆ ਹੈ, ਜਿਸ ਤੋਂ ਸਿੱਖਿਆ ਲੈਣ ਦੀ ਲੋੜ ਹੈ। ਡਾ. ਸੀਪੀ ਕੰਬੋਜ ਨੇ ਅੱਖਰਕਾਰੀ ਦੇ ਫੌਂਟਾਂ ਦੇ ਡਿਜ਼ੀਟਲੀਕਰਨ ’ਤੇ ਜ਼ੋਰ ਦਿੰਦਿਆ ਕਿਹਾ ਕਿ ਹੁਣ ਜ਼ਮਾਨਾ ਸਾਧਾਰਨ ਫੌਂਟਾਂ ਤੋਂ ਵੀ ਅੱਗੇ ‘‘ਯੂਨੀਕੋਡ ਫੌਂਟਾਂ’’ ਦਾ ਹੈ। ਕੰਬੋਜ ਨੇ ਸਾਰੇ ਅੱਖਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਉਨ੍ਹਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਸ਼ਾਨਦਾਰ ਫੌਂਟਾਂ ਦੇ ਸੌਫਟ ਵਰਜ਼ਨ ਤਿਆਰ ਕਰਨ ਤਾਂ ਕਿ ਪੰਜਾਬੀ ਮਾਂ ਬੋਲੀ ਦੀ ਝੋਲੀ ਨੂੰ ਹੋਰ ਅਮੀਰ ਕੀਤਾ ਜਾ ਸਕੇ। ਮੁੱਖ ਮਹਿਮਾਨ ਅਤੇ ਸਿੱਧੂ ਦਮਦਮੀ ਨੇ ਲਿਖਣਸਰ (ਤਲਵੰਡੀ ਸਾਬੋ) ਦੀ ਅੱਖਰਕਾਰੀ ਦੀ ਵਿਲੱਖਣ ਪੰਰਪਰਾ ਦੇ ਹਵਾਲੇ ਨਾਲ ਦੱਸਿਆ ਕਿ ਦਮਦਮਾ ਸਾਹਿਬ ਵਿਖੇ ਕਿਸੇ ਸਮੇਂ ਗੁਰਬਾਣੀ ਦੀ ਅੱਖਰਕਾਰੀ ਕਰਨ ਲਈ ਨਿਰਮਲੇ ਸੰਤਾਂ ਦੇ ਬਾਰਾਂ ਬੁੰਗੇ ਹੁੰਦੇ ਸਨ, ਜਿਨ੍ਹਾਂ ਵਿਚ ਅੱਖਰਕਾਰੀ ਦਾ ਕਾਰਜ ਨਿਰੰਤਰ ਚਲਦਾ ਰਹਿੰਦਾ ਸੀ। ਗੁਰਦੁਆਰਾ ਸਾਹਿਬ ’ਤੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਮਗਰੋਂ ਉਹ ਬੁੰਗੇ ਢਾਹ ਦਿੱਤੇ ਗਏ ਤੇ ਲਿਖਣਸਰ ਦੀ ਉਹ ਸਾਰੀ ਪਰੰਪਰਾ ਖਤਮ ਹੋ ਗਈ। ਉਨ੍ਹਾਂ ਨੇ ਕਿਹਾ, ‘‘ਅਸੀਂ ਬਹੁਤ ਕੁਝ ਬਚਾਉਣ ਦੇ ਚੱਕਰ ’ਚ ਬਹੁਤ ਕੁਝ ਗੁਆ ਵੀ ਲਿਆ।’’ ਪ੍ਰੋਗਰਾਮ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਨ੍ਹਾਂ ਸਾਰੇ ਅੱਖਰਕਾਰਾਂ ਦੀਆਂ ਲਿਖਤਾਂ ਦੇ ਚਾਰ ਚਾਰ ਨਮੂਨੇ ਅਤੇ ਉਨ੍ਹਾਂ ਦਾ ਬਾਇਓਡਾਟਾ ਲੈ ਲਿਆ ਗਿਆ ਹੈ, ਜਿਸ ਦੇ ਆਧਾਰ ਤੇ ‘ਪੰਜਾਬ ਦੇ ਅੱਖਰਕਾਰ’ ਪੁਸਤਕ ਤਿਆਰ ਕੀਤੀ ਜਾਵੇਗੀ, ਜਿਸ ਰਾਹੀਂ ਪੰਜਾਬ ਦੀ ਅੱਖਰਕਾਰੀ ਦਾ ਇਤਿਹਾਸ ਸਾਂਭਿਆ ਜਾਵੇਗਾ। ਇਸ ਮੌਕੇ ਅਦਬੀ ਸ਼ਖ਼ਸੀਅਤਾਂ ਵਿਚ ਡਾ ਯੋਗਰਾਜ ਸਿੰਘ, ਬਲਦੀਪ ਕੌਰ ਸੰਧੂ, ਪ੍ਰੀਤਮ ਰੁਪਾਲ, ਬਲਕਾਰ ਸਿੱਧੂ ਤੇ ਹੋਰਨਾਂ ਨੇ ਭਰਵੀਂ ਹਾਜ਼ਰੀ ਲਵਾਈ।