ਸ਼ਸ਼ੀ ਪਾਲ ਜੈਨ
ਖਰੜ, 25 ਜਨਵਰੀ
ਘੜੂੰਆਂ ਪੁਲੀਸ ਨੇ ਪਿੰਡ ਬੱਤਾ ਦੇ ਰਹਿਣ ਵਾਲੇ ਜੋਧਾ ਸਿੰਘ ਜੋ ਆਟੋ ਚਾਲਕ ਸੀ, ਦੀ ਖੂਨ ਨਾਲ ਲਥਪਥ ਲਾਸ਼ ਐੱਸ.ਵਾਈ.ਐੱਨ. ਨਹਿਰ ਨੇੜਿਓਂ ਬਰਾਮਦ ਕੀਤੀ। ਪ੍ਰਾਪਤ ਸੂਚਨਾ ਅਨੁਸਾਰ ਪੁਲੀਸ ਨੂੰ ਇਹ ਇਤਲਾਹ ਮਿਲੀ ਸੀ ਕਿ ਐੱਸ.ਵਾਈ.ਐੱਨ ਪਿੰਡ ਬੱਤਾ ਨੇੜੇ ਨਾਮਲੂਮ ਵਿਅਕਤੀ ਦੀ ਕੁੱਟਮਾਰ ਕਰ ਕੇ ਲਾਸ਼ ਸੜਕ ਕਿਨਾਰੇ ਸੁੱਟ ਦੇਣ ਸਬੰਧੀ ਇਤਲਾਹ ਮਿਲੀ ਸੀ। ਲਾਸ਼ ਦੇ ਨੇੜੇ ਹੀ ਆਟੋ (ਨੰਬਰ ਪੀ.ਬੀ 65 ਏ.ਡੀ 9955) ਖੜਾ ਸੀ । ਇਤਲਾਹ ਮਿਲਦੇ ਹੀ ਪੁਲੀਸ ਨੇ ਲਾਸ਼ ਘੜੂੰਆਂ ਦੇ ਹਸਪਤਾਲ ਵਿੱਚ ਪਹੁੰਚਾਈ।
ਇਸੇ ਦੌਰਾਨ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਭਰਾ ਆਟੋ ਚਲਾਉਣ ਦਾ ਕੰਮ ਕਰਦਾ ਸੀ ਅਤੇ ਅੱਜ ਸਵੇਰੇ ਆਟੋ ਲੈ ਕੇ ਕੰਮ ’ਤੇ ਗਿਆ ਸੀ। ਉਸ ਦੇ ਭਰਾ ਦਾ 3-4 ਮਹੀਨੇ ਪਹਿਲਾਂ ਹਰਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨਾਲ ਲੜਾਈ-ਝਗੜਾ ਹੋਇਆ ਸੀ ਪਰ ਬਾਅਦ ਵਿੱਚ ਰਾਜ਼ੀਨਾਮਾ ਹੋ ਗਿਆ ਸੀ ਪਰ ਇਸ ਗੱਲ ਦੀ ਰੰਜ਼ਿਸ਼ ਹਰਪ੍ਰੀਤ ਸਿੰਘ ਉਰਫ਼ ਹੈਪੀ ਰੱਖਦਾ ਸੀ। ਉਹ ਅਕਸਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੇ ਭਰਾ ਦਾ ਕਤਲ ਹਰਪ੍ਰੀਤ ਸਿੰਘ ਉਰਫ਼ ਹੈਪੀ ਵੱਲੋਂ ਹੋਰ ਸਾਥੀਆਂ ਨੇ ਮਿਲ ਕੇ ਕੀਤਾ ਗਿਆ ਹੈ।ਇਸੇ ਦੌਰਾਨ ਘੜੂੰਆਂ ਪੁਲੀਸ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 302 ਅਤੇ 34 ਆਈ.ਪੀ.ਸੀ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।