ਲੜਕੀ ਨੂੰ ਮਿਲਣ ਪਹੁੰਚੇ ਨੌਜਵਾਨ ’ਤੇ ਹਮਲਾ
ਚਾਰ ਖ਼ਿਲਾਫ਼ ਕੇਸ ਦਰਜ; ਇੰਸਟਾਗ੍ਰਾਮ ’ਤੇ ਦੋਸਤ ਬਣੀ ਲੜਕੀ ਨੇ ਮਿਲਣ ਲਈ ਸੱਦਿਆ ਸੀ
ਇੰਸਟਾਗ੍ਰਾਮ ’ਤੇ ਦੋਸਤ ਬਣੀ ਲੜਕੀ ਨੂੰ ਮਿਲਣ ਲਈ ਸਥਾਨਕ ਜੌਲੀ ਮਾਰਕੀਟ ਪਹੁੰਚੇ ਨੌਜਵਾਨ ਨੂੰ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਸਥਾਨਕ ਪ੍ਰ੍ਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਜ਼ੇਰੇ-ਇਲਾਜ ਹੈ। ਡਾਕਟਰਾਂ ਅਨੁਸਾਰ ਨੌਜਵਾਨ ਦੇ ਸਿਰ ਦੇ ਪਿੱਛੇ, ਸਿਰ ਦੇ ਖੱਬੇ ਪਾਸੇ, ਅੱਖ ਦੇ ਨੇੜੇ ਤੇ ਸੱਜੇ ਮੋਢੇ ’ਤੇ ਕੱਟ ਲੱਗੇ ਹਨ। ਐੱਸ ਐੱਚ ਓ ਗੁਰਮੁੱਖ ਸਿੰਘ, ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਖੰਨਾ ਰੋਡ, ਅਮਲੋਹ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਇੰਸਟਾਗ੍ਰਾਮ ’ਤੇ ਇੱਕ ਲੜਕੀ ਨਾਲ ਦੋਸਤੀ ਹੋਈ ਸੀ ਜਿਸ ਨੇ ਉਸ ਨੂੰ ਜੌਲੀ ਮਾਰਕੀਟ, ਮੋਰਿੰਡਾ ਵਿੱਚ ਮਿਲਣ ਲਈ ਸੱਦਿਆ। ਉਸ (ਮਨਪ੍ਰੀਤ ਸਿੰਘ) ਨੇ ਅਮਲੋਹ ਤੋਂ ਮੋਰਿੰਡਾ ਪਹੁੰਚ ਕੇ ਲੜਕੀ ਦੇ ਕਹਿਣ ’ਤੇ ਉਸ ਆਪਣੀ ਲੋਕੇਸ਼ਨ ਭੇਜੀ। ਵੀਡੀਓ ਭੇਜਣ ਉਪਰੰਤ ਲੜਕੀ ਖੁਦ ਤਾਂ ਨਾ ਆਈ, ਪਰ ਅਲਟੋ ਕਾਰ ’ਚ ਉੱਥੇ ਆਏ ਨਕਾਬਪੋਸ਼ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਮਨਪ੍ਰੀਤ ਸਿੰਘ ਨੇ ਹਮਲਾਵਰਾਂ ਦੇ ਨਾਂ ਰਾਹੁਲ, ਸੰਜੇ, ਕਰਨ ਸਾਰੇ ਵਾਸੀ ਮੋਰਿੰਡਾ ਦੱਸੇ ਸਨ ਜਦਕਿ ਇੱਕ ਨੌਜਵਾਨ ਅਣਪਛਾਤਾ ਹੈ। ਐੱਸ ਐੱਚ ਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਰਾਹੁਲ, ਸੰਜੇ, ਕਰਨ ਅਤੇ ਇੱਕ ਅਣਪਛਾਤੇ ਹਮਲਾਵਰ ਖ਼ਿਲਾਫ਼ ਬੀ ਐੱਨ ਐੱਸ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

