
ਚੰਡੀਗੜ੍ਹ ਪੁਲੀਸ ਦੀ ਹਿਰਾਸਤ ਵਿੱਚ ਮੁਲਜ਼ਮ।
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਦਸੰਬਰ
ਚੰਡੀਗੜ੍ਹ ਪੁਲੀਸ ਵਿੱਚ ਏਐੱਸਆਈ ਦੀ ਭਰਤੀ ਦੌਰਾਨ ਫਾਰਮ ਭਰਨ ਵਿੱਚ ਗੜਬੜੀਆਂ ਕਰਨ ਦੇ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੁਲੀਸ ਦੇ ਕਾਂਸਟੇਬਲ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਾਂਸਟੇਬਲ ਨਰੇਸ਼ ਕੁਮਾਰ ਵਾਸੀ ਜੀਂਦ ਹਾਲ ਵਾਸੀ ਸੈਕਟਰ-42, ਹਰਦੀਪ ਸਿੰਘ ਵਾਸੀ ਜੀਂਦ ਹਾਲ ਵਾਸੀ ਸੈਕਟਰ-41 ਅਤੇ ਚੰਦਰਕਾਂਤ ਵਾਸੀ ਮਨੀਮਾਜਰਾ ਵਜੋਂ ਹੋਈ ਹੈ। ਇਹ ਜਾਣਕਾਰੀ ਐੱਸਪੀ (ਕ੍ਰਾਈਮ) ਮਨੋਜ ਕੁਮਾਰ ਮੀਨਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਰੇਸ਼ ਕੁਮਾਰ ਚੰਡੀਗੜ੍ਹ ਪੁਲੀਸ ਵਿੱਚ ਬਤੌਰ ਕਾਂਸਟੇਬਲ ਅਤੇ ਹਰੀਦਪ ਸਿੰਘ ਸੈਕਟਰ-17 ਸਥਿਤ ਏਜੀ ਦਫ਼ਤਰ ਵਿੱਚ ਤਾਇਨਾਤ ਹੈ। ਇਸੇ ਤਰ੍ਹਾਂ ਚੰਦਰਕਾਂਤ ਮਨੀਮਾਜਰਾ ਵਿੱਚ ਸਾਈਬਰ ਕੈਫੇ ਚਲਾਉਣ ਦਾ ਕੰਮ ਕਰਦਾ ਹੈ।
ਸ੍ਰੀ ਮੀਨਾ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਵੱਲੋਂ ਕੱਢੀਆਂ ਗਈਆਂ ਏਐੱਸਆਈ ਦੀਆਂ 49 ਅਸਾਮੀਆਂ ਲਈ ਆਨਲਾਈਨ ਫਾਰਮ ਭਰਵਾਏ ਜਾ ਰਹੇ ਸਨ। ਇਨ੍ਹਾਂ ਫਾਰਮਾਂ ਵਿੱਚ ਕੁਝ ਗੜਬੜੀ ਪਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਫਾਰਮਾਂ ਵਿੱਚ ਕੁਝ ਨੌਜਵਾਨਾਂ ਦੇ ਨਾਮ ਇਕ ਹੀ ਹਨ ਅਤੇ ਤਸਵੀਰਾਂ ਵੱਖ-ਵੱਖ ਸੀ। ਇਸ ਸਬੰਧੀ ਸੈਕਟਰ-11 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਥਾਣਾ ਸੈਕਟਰ-36 ਵਿੱਚ ਤਾਇਨਾਤ ਕਾਂਸਟੇਬਲ ਨਰੇਸ਼ ਕੁਮਾਰ ਨੇ ਦੋ ਫਾਰਮ ਭਰੇ ਸਨ। ਇਕ ਫਾਰਮ ’ਤੇ ਖੁਦ ਦੀ ਤਸਵੀਰ ਲਗਾਈ ਹੈ ਅਤੇ ਦੂਜੇ ’ਤੇ ਹਰਦੀਪ ਸਿੰਘ ਦੀ ਤਸਵੀਰ ਲਗਾਈ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਈਬਰ ਕੈਫੇ ਦੇ ਮਾਲਕ ਚੰਦਰਕਾਂਤ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ