ਕਬਜ਼ਾ ਵਿਰੋਧੀ ਮੁਹਿੰਮ: ਬੁੜੈਲ ਤੇ ਸੈਕਟਰ 45 ਦੀ ਮਾਰਕੀਟ ’ਚੋਂ ਚੁੱਕੀਆਂ ਕਬਾੜ ਕਾਰਾਂ
ਪੱਤਰ ਪ੍ਰੇਰਕ
ਚੰਡੀਗੜ੍ਹ, 23 ਮਈ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਹਟਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬੁੜੈਲ ਪਿੰਡ ਅਤੇ ਸੈਕਟਰ 45 ਵਿਖੇ ਚੱਲ ਰਹੀ ਪੁਰਾਣੇ ਵਹੀਕਲਾਂ ਦੀ ਕਬਾੜ ਮਾਰਕੀਟ ’ਤੇ ਕਾਰਵਾਈ ਕੀਤੀ ਗਈ। ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈਏਐੱਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੀਤੀ ਕਾਰਵਾਈ ਤਹਿਤ ਨਾਜਾਇਜ਼ ਕਬਜ਼ਾ ਹਟਾਊ ਵਿੰਗ ਦੀ ਟੀਮ ਨੇ ਪਿੰਡ ਬੁੜੈਲ ਦੇ ਬਾਹਰਵਾਰ ਕਬਾੜ ਕਾਰਾਂ ਅਤੇ ਹੋਰ ਵਹੀਕਲ ਹਟਾ ਕੇ ਰਸਤਾ ਸਾਫ ਕੀਤਾ ਇਸ ਦੇ ਨਾਲ ਹੀ ਟੀਮ ਨੇ 42 ਲੋਕਾਂ ਦੇ ਚਲਾਨ ਕੱਟੇੇ। ਨਿਗਮ ਦੀ ਟੀਮ ਨੇ ਮੁਹਿੰਮ ਦੌਰਾਨ 23 ਕਬਾੜ ਅਤੇ ਨਕਾਰਾ ਕਾਰਾਂ, 2 ਮੋਟਰਸਾਈਕਲ, ਕਾਰ ਸੀਟਾਂ, ਦਰਵਾਜ਼ੇ ਅਤੇ ਜੈੱਕ ਸਮੇਤ ਹੋਰ ਕਈ ਵਾਹਨਾਂ ਦੇ ਪੁਰਜ਼ੇ ਸਾਈਟ ਤੋਂ ਹਟਾ ਦਿੱਤੇ ਗਏ। ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਮਨੀਮਾਜਰਾ ਦੀ ਮੋਟਰ ਮਾਰਕੀਟ ਵਿੱਚ ਵੀ ਨਗਰ ਨਿਗਮ ਦੀ ਟੀਮ ਵੱਲੋਂ ਅਜਿਹੇ ਹੀ ਨਜਾਇਜ਼ ਕਬਜ਼ੇ ਹਟਾਏ ਗਏ ਸਨ ਕਮਿਸ਼ਨਰ ਵੱਲੋਂ ਸਾਰੀਆਂ ਮਾਰਕੀਟਾਂ ਵਿੱਚ ਨਜਾਇਜ਼ ਕਬਜ਼ਾ ਧਾਰਕਾਂ ਨੂੰ ਇੱਕ ਕਮਿਸ਼ਨਰ ਵੱਲੋਂ ਸਖ਼ਤ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜਨਤਕ ਜ਼ਮੀਨ ‘ਤੇ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀਆਂ ਜਨਤਕ ਥਾਵਾਂ ਪਹੁੰਚਯੋਗ ਅਤੇ ਸਾਫ਼ ਰਹਿਣੀਆਂ ਚਾਹੀਦੀਆਂ ਹਨ। ਕਿਸੇ ਨੂੰ ਵੀ ਨਿੱਜੀ ਲਾਭ ਲਈ ਜਨਤਕ ਜ਼ਮੀਨ ਦੀ ਦੁਰਵਰਤੋਂ ਕਰਨ ਦਾ ਅਧਿਕਾਰ ਨਹੀਂ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਤੇ ਵਾਰ-ਵਾਰ ਅਜਿਹੇ ਕਬਜ਼ੇ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।