ਪੱਤਰ ਪ੍ਰੇਰਕ
ਕੁਰਾਲੀ, 19 ਨਵੰਬਰ
ਭਾਰਤ-ਚੀਨ ਜੰਗ 1962 ਦੇ ਹੀਰੋ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਦਾ 61ਵਾਂ ਸ਼ਹੀਦੀ ਦਿਹਾੜਾ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ ਵਿੱਚ ਮਨਾਇਆ ਗਿਆ।
ਸਕੂਲ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸ਼ਹੀਦ ਦੇ ਪਰਿਵਾਰ ਵੱਲੋਂ ਸਾਂਝੇ ਤੌਰ ’ਤੇ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਡਾ. ਗਿੰਨੀ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਤਕ ਕੀਤੀ ਜਦਕਿ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ, ਨੰਬਰਦਾਰ ਰਾਜ ਕੁਮਾਰ ਅਤੇ ਸੇਵਾਮੁਕਤ ਪ੍ਰਿੰਸੀਪਲ ਗੁਰਸੇਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਦੇ ਪਰਿਵਾਰ ਵਿੱਚੋਂ ਭਰਾ ਨਰਿੰਦਰ ਰਾਠੌਰ, ਭੁਪਿੰਦਰ ਸਿੰਘ ਰਾਠੌਰ, ਭੈਣ ਬਿਮਲਾ ਦੇਵੀ, ਭਤੀਜੇ ਜਸਵੰਤ ਸਿੰਘ ਰਾਠੌਰ, ਰਵਿੰਦਰ ਸਿੰਘ ਰਾਠੌਰ ਤੇ ਜਸਵੰਤ ਸਿੰਘ ਰਾਠੌਰ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਸੁਧਾ ਸਿੰਘ, ਨੀਤੂ ਰਾਠੌਰ ਤੇ ਕਰਨਲ ਦਵਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਗਮ ਦੇ ਸ਼ੁਰੂ ਵਿੱਚ ਸਮੂਹ ਸ਼ਖ਼ਸੀਅਤਾਂ ਵੱਲੋਂ ਲੈਫਟੀਨੈਂਟ ਬਿਕਰਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਸ਼ਹੀਦ ਬਿਕਰਮ ਸਿੰਘ ਵੱਲੋਂ ਗਈ ਦਿਖਾਈ ਬਹਾਦਰੀ ਅਤੇ ਭਾਰਤ-ਚੀਨ ਵਿਚਾਲੇ ਹੋਈ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਨ ਦੀ ਸ਼ਲਾਘਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਕਿਸੇ ਵੀ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਰਹੇਗਾ। ਅਗਲੇ ਗੇੜ ਵਿੱਚ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਅੰਗਰੇਜ਼ੀ ਦੀ ਲੈਕਚਰਾਰ ਕੁਲਪ੍ਰੀਤ ਕੌਰ ਨੇ ਸ਼ਬਦ ਗਾਇਣ ਨਾਲ ਕੀਤੀ ਜਦਕਿ ਫਿਜ਼ੀਕਲ ਐਜੂਕੇਸ਼ਨ ਦੀ ਲੈਕਚਰਾਰ ਇੰਦੂ ਬਾਲਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਨਾਲ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ। ਇਸ ਦੌਰਾਨ ਸਿੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਸਕੂਲ ਦਾ ਨਾਂ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਅਖੀਰ ਵਿੱਚ ਪ੍ਰਿੰਸੀਪਲ ਆਤਮਵੀਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਇਲਾਕੇ ਵਿੱਚ ਸਿੱਖਿਆ ਦੇ ਪਸਾਰ ਲਈ ਸਹਿਯੋਗ ਦੀ ਮੰਗ ਕੀਤੀ।