Chandigarh ਦਾ ਅਨਿਲ ਸ਼ਰਮਾ US ’ਚ ਵੰਡ ਰਿਹਾ ਨੌਕਰੀਆਂ
ਅਮਰੀਕਾ ਵਿੱਚ 700 ਮਿਲੀਅਨ ਡਾਲਰ ਦੀ ਕੰਪਨੀ ਬਣਾਈ; ਅੱਸੀ ਫੀਸਦੀ ਗੋਰਿਆਂ ਨੂੰ ਰੁਜ਼ਗਾਰ ਦਿੱਤਾ
ਚੰਡੀਗੜ੍ਹ ਦੇ ਜੰਮਪਲ ਅਤੇ 22 ਐਂਡ ਸੈਂਚੁਰੀ ਟੈਕਨਾਲੋਜੀ ਦੇ ਸੀ ਈ ਓ ਅਨਿਲ ਸ਼ਰਮਾ ਨੇ ਅਮਰੀਕਾ ਵਿਚ ਗੋਰਿਆਂ ਨੂੰ ਨੌਕਰੀਆਂ ਦੇ ਕੇ ਨਾਮਣਾ ਖੱਟਿਆ ਹੈ। ਚੰਡੀਗੜ੍ਹ ਤੋਂ 100 ਡਾਲਰ ਲੈ ਕੇ ਘਰੋਂ ਤੂਰੇ ਅਨਿਲ ਸ਼ਰਮਾ ਨੇ 28 ਸਾਲਾਂ ਦੀ ਮਿਹਨਤ ਨਾਲ ਅਮਰੀਕਾ ਵਿੱਚ 700 ਮਿਲੀਅਨ ਡਾਲਰ ਦੀ ਕੰਪਨੀ ਖੜ੍ਹੀ ਕੀਤੀ। ਅਨਿਲ ਸ਼ਰਮਾ ਨੇ ਹਾਲ ਹੀ ਵਿੱਚ ਅਮਰੀਕਾ ਦੀ ਬ੍ਰਿਟਿਸ਼ ਟੈਲੀਕਾਮ ਕੰਪਨੀ ਬੀ ਟੀ ਨੂੰ ਵੀ ਖਰੀਦ ਲਿਆ ਹੈ।
22 ਐਂਡ ਸੈਂਚੁਰੀ ਟੈਕਨਾਲਾਜੀ ਦੇ ਸੀ ਈ ਓ ਅਨਿਲ ਸ਼ਰਮਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਟ੍ਰਿਬਿਊਨ ਗਰੁੱਪ ਆਫ਼ ਪਬਲੀਕੇਸ਼ਨਜ਼ ਵਿੱਚ ਨੌਕਰੀ ਕਰਦੇ ਸਨ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਟ੍ਰਿਬਿਊਨ ਮਾਡਲ ਸਕੂਲ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਕਾਲਜ ਗਿਆ ਅਤੇ ਨੈਸ਼ਨਲ ਇਨਫਰਮੈਟਿਕਸ ਸੈਂਟਰ (ਐੱਨ ਆਈ ਟੀ) ਵਿੱਚ ਨੌਕਰੀ ਹਾਸਲ ਕੀਤੀ। ਉਸ ਨੇ ਕਿਹਾ ਕਿ ਸਾਲ 1997 ਵਿੱਚ ਦੋਸਤ ਦੇ ਕਹਿਣ ’ਤੇ ਉਹ ਅਮਰੀਕਾ ਚਲਾ ਗਿਆ, ਉਸ ਸਮੇਂ ਉਸ ਦੀ ਜੇਬ੍ਹ ਵਿੱਚ ਸਿਰਫ਼ 10-10 ਡਾਲਰ ਦੇ 10 ਨੋਟ (ਕੁੱਲ 100 ਡਾਲਰ) ਸਨ। ਅਮਰੀਕਾ ਵਿੱਚ ਅਨਿਲ ਨੇ ਆਈ ਟੀ ਖੇਤਰ ਵਿੱਚ ਨੌਕਰੀ ਹਾਸਲ ਕੀਤੀ, ਪਰ ਉਹ ਨੌਕਰੀ ਚਾਰ ਮਹੀਨੇ ਬਾਅਦ ਚਲੀ ਗਈ। ਇਸ ਤੋਂ ਬਾਅਦ ਅਨਿਲ ਨੇ ਦੋਸਤ ਦੇ ਕਹਿਣ ’ਤੇ ਆਈ ਟੀ ਕੰਪਨੀ ਦੀ ਸ਼ੁਰੂਆਤ ਕੀਤੀ। ਉਸ ਨੂੰ ਲੱਗਿਆ ਕਿ ਹੁਣ ਕੰਮ ਠੀਕ ਹੈ, ਪਰ 9/11 ਦੇ ਹਮਲੇ ਨੇ ਮੁੜ ਸਭ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਮੁੜ ਪ੍ਰਾਈਵੇਟ ਨੌਕਰੀ ਕੀਤੀ ਅਤੇ ਸਾਲ 2008 ਵਿੱਚ ਫਿਰ ਕੰਪਨੀ ਦੀ ਸ਼ੁਰੂਆਤ ਕੀਤੀ।
ਸਾਲ 2008 ਵਿੱਚ ਕੰਪਨੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਹ ਤੇਜ਼ੀ ਨਾਲ ਅੱਗੇ ਵਧਦਾ ਗਿਆ ਤੇ ਇਸ ਸਮੇਂ ਅਮਰੀਕਾ ਵਿੱਚ 700 ਮਿਲੀਅਨ ਡਾਲਰ ਦੀ ਕੰਪਨੀ ਚਲਾ ਰਿਹਾ ਹੈ। ਇਸ ਕੰਪਨੀ ਵਿੱਚ 7500 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ, ਜਿਸ ਵਿੱਚ 80 ਫ਼ੀਸਦ ਦੇ ਕਰੀਬ ਅੰਗਰੇਜ਼ ਮੁਲਾਜ਼ਮ ਹਨ। ਜਦੋਂ ਕਿ 10 ਤੋਂ 15 ਫ਼ੀਸਦ ਦੇ ਕਰੀਬ ਹੀ ਭਾਰਤੀ ਮੁੂਲ ਦੇ ਮੁਲਾਜ਼ਮ ਹਨ। ਇਸ ਤੋਂ ਇਲਾਵਾ ਅਨਿਲ ਸ਼ਰਮਾ ਮੌਜੂਦਾ ਸਮੇਂ ਅਮਰੀਕਾ ਦੇ ਚੋਟੀ ਦੇ ਸਿਆਸਤਦਾਨਾਂ ਵਿੱਚ ਗਿਣਿਆ ਜਾਂਦਾ ਹੈ। ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਬੈਂਸ ਦੇ ਦੋਸਤਾਂ ਵਿੱਚੋਂ ਇਕ ਹੈ। ਅਨਿਲ ਸ਼ਰਮਾ ਨੇ ਕਿਹਾ ਕਿ ਤਿੰਨ ਦਹਾਕਿਆਂ ਬਾਅਦ ਵੀ ਉਹ ਆਪਣੇ ਦੇਸ਼ ਨੂੰ ਭੁਲਾ ਨਹੀਂ ਸਕਿਆ। ਉਹ ਹਰ ਸਾਲ ਭਾਰਤ ਆਉਂਦਾ ਹੈ। ਇਸ ਤੋਂ ਇਲਾਵਾ ਭਾਰਤੀਆਂ ਨੂੰ ਰੁਜ਼ਗਾਰ ਦੇਣ ਲਈ ਮੁਹਾਲੀ ਵਿਖੇ ਆਈ ਟੀ ਕੰਪਨੀ ਸ਼ੁਰੂ ਕੀਤੀ ਹੈ, ਜਿੱਥੇ ਇਕ ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਹੁਣ ਭਾਰਤ ਦੇ ਮੰਡੀ, ਇੰਦੌਰ, ਹੈਦਰਾਬਾਦ ਸਣੇ ਹੋਰਨਾਂ ਸ਼ਹਿਰਾਂ ਵਿੱਚ ਵੀ ਕੰਮ ਨੂੰ ਵਧਾ ਰਿਹਾ ਹੈ। ਉਸ ਨੇ ਸਾਲ 2027 ਤੱਕ ਆਪਣਾ ਕੰਪਨੀ ਨੂੰ ਅਰਬਾਂ ਡਾਲਕ ਦੀ ਕੰਪਨੀ ਬਣਾਉਣ ਦਾ ਟੀਚਾ ਮਿਥਿਆ ਹੈ।

