ਨਿਊ ਚੰਡੀਗੜ੍ਹ ਇਲਾਕੇ ਵਿੱਚ ਬਿਜਲੀ ਦੇ ਲੰਮੇ ਅਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਲੱਗ ਰਹੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਇਲਾਕੇ ਦੇ ਕਰੀਬ ਪੰਜਾਹ-ਸੱਠ ਪਿੰਡਾਂ ਦੇ ਲੋਕਾਂ ਨੇ ਅੱਜ ਮਾਜਰਾ ਸਥਿਤ ਬਿਜਲੀ ਗਰਿੱਡ ਦਾ ਘਿਰਾਓ ਕੀਤਾ ਅਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ।
ਰਵਿੰਦਰ ਸਿੰਘ ਵਜੀਦਪੁਰੀ, ਗੁਰਮੀਤ ਸਿੰਘ ਸ਼ਾਂਟੂ ਮਾਣਕਪੁਰ ਸ਼ਰੀਫ, ਪ੍ਰਧਾਨ ਗੁਰਮੀਤ ਸਿੰਘ ਮੀਆਂਪੁਰ ਚੰਗਰ ਅਤੇ ਭਗਤ ਸਿੰਘ ਮਾਜਰਾ ਦੀ ਅਗਵਾਈ ਹੇਠ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਦਿਨ-ਰਾਤ ਲੱਗ ਰਹੇ ਇਹ ਕੱਟ ਲੋਕਾਂ ਦੀ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਦਫ਼ਤਰਾਂ ਵਿੱਚ ਸਪਲਾਈ ਬਾਰੇ ਪੁੱਛਿਆ ਜਾਂਦਾ ਹੈ, ਤਾਂ ਅੱਗੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਦਾ ਅਤੇ ਕਰਮਚਾਰੀ ਸਿਰਫ਼ ‘ਪਿੱਛੋਂ ਸਪਲਾਈ ਬੰਦ ਹੈ’ ਕਹਿ ਕੇ ਆਪਣਾ ਪੱਲਾ ਝਾੜ ਲੈਂਦੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਈ ਦੁਕਾਨਦਾਰਾਂ ਦਾ ਕੰਮ ਸਿਰਫ਼ ਬਿਜਲੀ ’ਤੇ ਹੀ ਨਿਰਭਰ ਹੈ, ਜੋ ਸਪਲਾਈ ਨਾ ਹੋਣ ਕਾਰਨ ਵਿਹਲੇ ਬੈਠਣ ਲਈ ਮਜਬੂਰ ਹਨ। ਇੰਨਾ ਹੀ ਨਹੀਂ, ਲੰਮੇ ਕੱਟਾਂ ਕਾਰਨ ਇਨਵਰਟਰ ਵੀ ਜਵਾਬ ਦੇ ਗਏ ਹਨ। ਉਨ੍ਹਾਂ ਦੱਸਿਆ ਕਿ ਘਰੇਲੂ ਟਿਊਬਵੈੱਲਾਂ ’ਤੇ ਜੈਨਰੇਟਰਾਂ ਦਾ ਪ੍ਰਬੰਧ ਨਾ ਹੋਣ ਕਾਰਨ ਬਿਜਲੀ ਗੁੱਲ ਹੁੰਦੇ ਹੀ ਪਾਣੀ ਦੀ ਕਿੱਲਤ ਪੈਦਾ ਹੋ ਜਾਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਪਲਾਈ ਨਿਰੰਤਰ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਵਾਢੀ ਦੇ ਮੱਦੇਨਜ਼ਰ ਲਾਏ ਜਾ ਰਹੇ ਨੇ ਕੱਟ: ਐੱਸ ਡੀ ਓ
ਐੱਸ ਡੀ ਓ ਨਿਤਿਸ਼ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਕਣਕ ਦੀ ਕਟਾਈ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਬਿਜਲੀ ਕੱਟ ਲਾਏ ਜਾ ਰਹੇ ਸਨ। ਹੁਣ ਵਾਢੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ, ਇਸ ਲਈ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਿਜਲੀ ਸਬੰਧੀ ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

