Amritpal Singh ਦੇ ਕਰੀਬੀ Gurmeet Singh Bukkanwala ਨੂੰ ਮਿਲੀ ਪੈਰੋਲ; ਪਿਤਾ ਦੇ ਅੰਤਿਮ ਸੰਸਕਾਰ ਲਈ ਪਹੁੰਚਿਆ
ਬਠਿੰਡਾ ਜੇਲ੍ਹ ਤੋਂ ਸਖ਼ਤ ਸੁਰੱਖਿਆ ਹੇਠ ਮੋਗਾ ਦੇ ਪਿੰਡ ਬੁੱਕਣਵਾਲਾ ਲਿਆਂਦਾ ਗਿਆ; ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਜਤਾਇਆ ਦੁੱਖ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਐਮ.ਪੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਗੁਰਮੀਤ ਸਿੰਘ ਬੁੱਕਣਵਾਲਾ ਨੂੰ ਆਪਣੇ ਪਿਤਾ ਬਲਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਵਿਸ਼ੇਸ਼ ਪੈਰੋਲ ’ਤੇ ਰਿਹਾਅ ਕੀਤਾ ਗਿਆ। ਮੋਗਾ ਜ਼ਿਲ੍ਹੇ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਬੁੱਕਣਵਾਲਾ ਵਿਖੇ ਅੰਤਿਮ ਰਸਮਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਭਾਰੀ ਪੁਲੀਸ ਤਾਇਨਾਤ ਕੀਤੀ ਗਈ ਸੀ। ਗੁਰਮੀਤ ਬੁੱਕਣਵਾਲਾ ਨੇ ਕੜੀ ਸੁਰੱਖਿਆ ਹੇਠ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਦਿੱਤੀ।
ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ‘ਵਾਰਿਸ ਪੰਜਾਬ ਦੇ’ ਦੇ ਸਮਰਥਕ, ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਗੁਰਮੀਤ ਬੁੱਕਣਵਾਲਾ ਨੂੰ ਪਹਿਲਾਂ ਕੌਮੀ ਸੁਰੱਖਿਆ ਕਾਨੂੰਨ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਸੀ, ਪਰ ਸਾਲ 2025 ਵਿੱਚ ਐੱਨ.ਐੱਸ.ਏ. ਦੀਆਂ ਧਾਰਾਵਾਂ ਹਟਾਏ ਜਾਣ ਤੋਂ ਬਾਅਦ ਉਸ ਨੂੰ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਇਸ ਰਿਹਾਈ ਨੂੰ ਸਿਆਸੀ ਪੱਖੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ‘ਵਾਰਿਸ ਪੰਜਾਬ ਦੇ’ ਵੱਲੋਂ ਗੁਰਮੀਤ ਬੁੱਕਣਵਾਲਾ ਨੂੰ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ। ਪੈਰੋਲ ਦਾ ਸਮਾਂ ਖ਼ਤਮ ਹੁੰਦਿਆਂ ਹੀ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਤੁਰੰਤ ਬਾਅਦ ਪੁਲੀਸ ਨੇ ਗੁਰਮੀਤ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਅਤੇ ਸਖ਼ਤ ਪਹਿਰੇ ਹੇਠ ਬਠਿੰਡਾ ਜੇਲ੍ਹ ਵਾਪਸ ਭੇਜ ਦਿੱਤਾ।

