ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਸਤੰਬਰ
ਯੂਟੀ ਦੇ ਉਚ ਸਿੱਖਿਆ ਵਿਭਾਗ ਨੇ 14 ਸਰਕਾਰੀ ਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੇ ਬਕਾਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਬਕਾਇਆ ਪਹਿਲੀ ਜਨਵਰੀ 2016 ਤੋਂ ਮਿਲੇਗਾ ਜਿਸ ਵਿਚ ਅਧਿਆਪਕਾਂ ਤੇ ਇਨ੍ਹਾਂ ਦੇ ਬਰਾਬਰ ਦੇ ਕੇਡਰ ਵਾਲੇ ਮੁਲਾਜ਼ਮਾਂ ਨੂੰ ਫਾਇਦਾ ਮਿਲੇਗਾ। ਇਹ ਬਕਾਏ ਪੰਜਾਬ ਦੇ ਡੈਪੂਟੇਸ਼ਨ ’ਤੇ ਤਾਇਨਾਤ ਅਧਿਆਪਕਾਂ ਨੂੰ ਵੀ ਮਿਲਣਗੇ ਪਰ ਇਸ ਦਾ ਲਾਭ ਪ੍ਰੋਫੈਸਰਾਂ ਨੂੰ ਹਾਲੇ ਨਹੀਂ ਮਿਲੇਗਾ ਤੇ ਇਹ ਬਕਾਏ ਅਸਿਸਟੈਂਟ ਪ੍ਰੋਫੈਸਰਾਂ ਤੇ ਐਸੋਸੀਏਟ ਪ੍ਰੋਫੈਸਰਾਂ ਨੂੰ ਮਿਲਣਗੇ। ਇਸ ਬਕਾਏ 750 ਅਧਿਆਪਕਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਵਿਚ 250 ਸਰਕਾਰੀ ਕਾਲਜਾਂ ਤੇ 500 ਏਡਿਡ ਕਾਲਜਾਂ ਵਿਚ ਤਾਇਨਾਤ ਹਨ। ਸਿੱਖਿਆ ਵਿਭਾਗ ਦੇ ਅੱਜ ਦੇ ਅਹਿਮ ਫੈਸਲੇ ਨਾਲ ਹਰ ਅਧਿਆਪਕ ਨੂੰ 10 ਤੋਂ 20 ਲੱਖ ਰੁਪਏ ਦੇ ਕਰੀਬ ਮਿਲਣਗੇ ਤੇ ਇਹ ਰਾਸ਼ੀ ਜਲਦੀ ਹੀ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ। ਇਨ੍ਹਾਂ ਬਕਾਇਆਂ ਨੂੰ ਪ੍ਰਸ਼ਾਸਕ ਵਲੋਂ ਮਨਜ਼ੂਰੀ ਮਿਲਣ ਉਪਰੰਤ ਯੂਟੀ ਦੇ ਸਿੱਖਿਆ ਵਿਭਾਗ ਦੇ ਸਕੱਤਰ ਪੂਰਵਾ ਗਰਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ। ਉਚ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਕਾਲਜਾਂ ਦੇ ਪ੍ਰੋਫੈਸਰਾਂ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਪਰ ਇਸ ਬਾਰੇ ਜਲਦੀ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਜੀਸੀ ਅਨੁਸਾਰ ਕਾਲਜ ਅਧਿਆਪਕਾਂ ਲਈ ਪੇਅ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਬਕਾਏ ਨਹੀਂ ਦਿੱਤੇ ਗਏ ਸਨ ਜਿਸ ਤਹਿਤ ਹੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਕਾਲਜਾਂ ਦੇ ਪ੍ਰਿੰਸੀਪਲਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਇਸ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਮਿਲੀ ਜਦਕਿ ਸਿੱਖਿਆ ਸਕੱਤਰ ਪੂਰਵਾ ਗਰਗ ਨੇ ਦੱਸਿਆ ਕਿ ਉਨ੍ਹਾਂ ਅੱਜ ਸ਼ਾਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੀ ਕਾਪੀ ਸੋਮਵਾਰ ਨੂੰ ਕਾਲਜ ਮੁਖੀਆਂ ਨੂੰ ਜਾਰੀ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਚੰਡੀਗੜ੍ਹ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸ਼ਰਮਾ ਨੇ ਕਿਹਾ ਕਿ ਸੰਘਰਸ਼ ਤੋਂ ਬਾਅਦ ਜਿੱਤ ਹਾਸਲ ਹੋਈ ਹੈ।