ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਵਿਸ਼ਵ ਪੱਧਰੀ ਓਰਲ ਹੈਲਥਕੇਅਰ ਸਰਵਿਸਿਜ਼ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੁਹਾਲੀ ਵਿੱਚ ਟਰੌਮਾ ਵਾਰਡ ਦੇ ਨਾਲ-ਨਾਲ ਸੁਪਰ-ਸਪੈਸ਼ਲਿਟੀ ਸਹੂਲਤਾਂ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜਾਂ ਦੀ ਅਪਗ੍ਰੇਡੇਸ਼ਨ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿੱਚ ਐਡਵਾਂਸ ਡੈਂਟਲ ਇੰਪਲਾਂਟ ਸੈਂਟਰ ਬਣਾਉਣ ਅਤੇ ਓਪੀਜੀ ਮਸ਼ੀਨਾਂ ਸਥਾਪਿਤ ਕਰਨ ਸਮੇਤ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ। ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਤਹਿਤ ਸੂਬੇ ਦੇ 280 ਮੈਡੀਕਲ ਅਫ਼ਸਰਾਂ (ਡੈਂਟਲ) ਲਈ ਮੁਹਾਲੀ ਵਿੱਚ ਕਰਵਾਏ ਗਏ 5ਵੇਂ ਸਾਲਾਨਾ ਡੈਂਟਲ ਰਿਓਰੀਐਂਟੇਸ਼ਨ ਟਰੇਨਿੰਗ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਓਰਲ ਹੈਲਥਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਐਨਓਐਚਪੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਦੰਦਾਂ ਦੇ ਡਾਕਟਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਲਦੀ ਭਰੀਆਂ ਜਾਣਗੀਆਂ। ਇਹ ਪਹਿਲੀ ਵਾਰ ਹੈ ਕਿ ਮੁਹਾਲੀ, ਪਟਿਆਲਾ, ਜਲੰਧਰ, ਰੂਪਨਗਰ ਅਤੇ ਅੰਮ੍ਰਿਤਸਰ ਸਮੇਤ ਪੰਜ ਜ਼ਿਲ੍ਹਾ ਹਸਪਤਾਲਾਂ ਵਿੱਚ ਐਡਵਾਂਸਡ ਡੈਂਟਲ ਇੰਪਲਾਂਟ ਸੈਂਟਰ ਖੋਲ੍ਹੇ ਜਾ ਰਹੇ ਹਨ। ਨਾਲ ਹੀ ਮੁਹਾਲੀ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਹਾਈ-ਟੈਕ ਓਪੀਜੀ ਮਸ਼ੀਨਾਂ ਉਪਰਲੇ ਅਤੇ ਹੇਠਲੇ ਜਬਾੜੇ ਦਾ ਪੈਨੋਰਾਮਿਕ ਸਕੈਨਿੰਗ ਸਬੰਧੀ ਮਸ਼ੀਨਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੋ ਮੁੱਖ ਪਾਇਲਟ ਪ੍ਰਾਜੈਕਟਾਂ ਦੀ ਸਫ਼ਲਤਾ ਤੋਂ ਬਾਅਦ ਇਹ ਸੇਵਾਵਾਂ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਦੰਦਾਂ ਦੇ ਪੰਦਰਵਾੜੇ ਦੌਰਾਨ ਮਰੀਜ਼ਾਂ ਦੇ ਵੱਧ ਤੋਂ ਵੱਧ ਦੰਦ ਇਮਪਲਾਂਟ ਕਰਨ ਵਾਲੇ ਜ਼ਿਲ੍ਹਿਆਂ ਨੂੰ ਵੀ ਸਨਮਾਨਿਤ ਕੀਤਾ ਅਤੇ ਮੈਡੀਕਲ ਅਫ਼ਸਰਾਂ (ਡੈਂਟਲ) ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਡਾ. ਆਦਰਸ਼ਪਾਲ ਕੌਰ, ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਤੇ ਮੁਖੀ ਓਰਲ ਸਰਜਰੀ ਡਾ. ਨਿਤਨਿ ਵਰਮਾ, ਡਾ. ਕੇ.ਬੀ.ਐਸ. ਕੁਕਰੇਜਾ, ਡਾ. ਵਿਕਾਸ ਗੁਪਤਾ ਸਮੇਤ ਹੋਰਨਾਂ ਬੁਲਾਰਿਆਂ ਨੇ ਸੈਸ਼ਨ ਦਾ ਸੰਚਾਲਨ ਕੀਤਾ।