Akali Dal Waris Punjab De: ਮਾਲਵਾ ਖੇਤਰ ਵਿੱਚ ਤੇਜ਼ੀ ਨਾਲ ਵੱਧ ਰਿਹਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਗਰਾਫ਼
ਆਪ-ਮੁਹਾਰੇ ਪਾਰਟੀ ਨਾਲ ਜੁੜਨ ਲੱਗੇ ਆਗੂ ਅਤੇ ਵਰਕਰ
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਮਾਲਵੇ ਵਿੱਚ ਤੇਜ਼ੀ ਨਾਲ ਗਰਾਫ਼ ਵੱਧਣ ਲੱਗਾ ਹੈ। ਜਥੇਬੰਦੀ ਵੱਲੋਂ ਜਿਸ ਤਰ੍ਹਾਂ ਮਾਲਵੇ ਨੂੰ ਮਿੱਥ ਕੇ ਆਪਣੀਆਂ ਸਰਗਰਮੀਆਂ ਵਿੱਢ ਰੱਖੀਆਂ ਹਨ, ਉਸ ਤੋਂ ਲਗਦਾ ਹੈ ਕਿ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਆਪਣੇ ਪੈਰ ਪਸਾਰਨ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਮਾਲਵੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੀਆਂ ਮੀਟਿੰਗਾਂ ਵਿੱਚ ਜਿਸ ਤਰ੍ਹਾਂ ਵੱਡੇ ਇਕੱਠ ਦੇਖਣ ਨੂੰ ਮਿਲ ਰਹੇ ਹਨ, ਉਸ ਤੋਂ ਵਿਰੋਧੀ ਪਾਰਟੀਆਂ ਭੈਅ ਵਿੱਚ ਦਿਖਾਈ ਦੇ ਰਹੀਆਂ ਹਨ। ਜਿੱਥੇ ਵੱਡੇ ਆਗੂ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ‘ਵਾਰਿਸ ਪੰਜਾਬ ਦੇ’ ਦਲ ਨਾਲ ਜੁੜਨ ਲੱਗੇ ਹਨ, ਉੱਥੇ ਨੌਜਵਾਨ ਵਰਗ ਵਿੱਚ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਮਾਲਵਾ ਖੇਤਰ ਵਿੱਚ 69 ਵਿਧਾਨ ਸਭਾ ਹਲਕੇ ਹਨ। ਪੰਜਾਬ ਦੇ ਸਭ ਤੋਂ ਵੱਡੇ ਖੇਤਰ ਅਤੇ ਰਾਜਨੀਤਕ ਤੌਰ ’ਤੇ ਅਹਿਮ ਹਿੱਸੇ ਵਜੋਂ ਜਾਣਿਆ ਜਾਂਦਾ ਮਾਲਵਾ ਪੰਜਾਬ ਦੀ ਸਰਕਾਰ ਦੇ ਗਠਨ ਵਿੱਚ ਆਪਣਾ ਅਹਿਮ ਯੋਗਦਾਨ ਵੀ ਪਾਉਂਦਾ ਹੈ। ਮੋਗਾ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਲੁਧਿਆਣਾ ਦਾ ਕੁਝ ਹਿੱਸਾ, ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਫ਼ਿਰੋਜ਼ਪੁਰ ਸਾਰੇ ਹੀ ਮਾਲਵੇ ਦੇ ਪ੍ਰਮੁੱਖ ਜ਼ਿਲ੍ਹੇ ਹਨ। ਅਕਾਲੀ ਸਿਆਸਤ ਦਾ ਵੀ ਕਈ ਵਰ੍ਹਿਆਂ ਤੋਂ ਮਾਲਵੇ ਵਿੱਚ ਬੋਲਬਾਲਾ ਰਿਹਾ ਹੈ ਅਤੇ ਇੱਥੇ ਹਮੇਸ਼ਾ ਹੀ ਪੰਥਕ ਸਿਆਸਤ ਭਾਰੂ ਰਹੀ ਹੈ। ਬਹਿਬਲ ਕਲਾਂ ਅਤੇ ਬਰਗਾੜੀ ਦੀਆਂ ਘਟਨਾਵਾਂ ਨੇ ਅਕਾਲੀ ਦਲ ਬਾਦਲ ਨੂੰ ਹਾਸ਼ੀਏ ਉੱਤੇ ਲੈ ਆਂਦਾ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਾਦਲ ਇਸ ਦੀ ਕੀਮਤ ਵੀ ਚੁੱਕਾ ਚੁੱਕਿਆ ਹੈ। ਆਮ ਆਦਮੀ ਪਾਰਟੀ ਨੂੰ ਵੀ ਮਾਲਵੇ ਵਿੱਚੋਂ ਹੀ ਵੱਡਾ ਸਮਰਥਨ ਮਿਲਿਆ ਸੀ।
ਮੌਜੂਦਾ ਸਮੇਂ ਮਾਲਵੇ ਵਿੱਚ ਇੱਕ ਵਾਰ ਫਿਰ ਪੰਥਕ ਸਿਆਸਤ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਨਿਰਪੱਖ ਦਰਸ਼ਕ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਬਦਲ ਵਜੋਂ ਦੇਖਣ ਲੱਗੇ ਹਨ। ਲੰਘੇ ਕੱਲ੍ਹ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਬਾਘਾਪੁਰਾਣਾ ਵਿੱਚ ਕੀਤੀ ਮੀਟਿੰਗ, ਜਿਸ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ ਸੀ, ਵਿੱਚ ਅਕਾਲੀ ਦਲ ਬਾਦਲ ਅਤੇ ਪੁਨਰਸੁਰਜੀਤੀ ਦੇ ਵੱਡੇ ਚਿਹਰੇ ਬਿਨਾਂ ਸ਼ਰਤ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਹ ਮਾਲਵੇ ਵਿੱਚ ਆ ਰਹੇ ਬਦਲਾਅ ਦਾ ਇਸ਼ਾਰਾ ਕਰਨ ਲਈ ਕਾਫ਼ੀ ਹਨ।
ਬੇਸ਼ੱਕ ਅਜੇ ਕੁਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ, ਪਰ ਪਾਰਟੀ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਸਮੇਤ ਹੋਰ ਵੱਡੇ ਆਗੂ ਰਣਨੀਤੀ ਤਹਿਤ ਮਾਲਵੇ ਵਿੱਚ ਜਿਸ ਤਰ੍ਹਾਂ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ, ਉਸ ਤੋਂ ਸੰਕੇਤ ਜ਼ਰੂਰ ਮਿਲਦਾ ਹੈ ਕਿ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਵਧੀਆ ਪ੍ਰਦਰਸ਼ਨ ਲਈ ਆਸਵੰਦ ਹੈ।

