ਬਿਜਲੀ ਕੱਟਾਂ ਖ਼ਿਲਾਫ਼ ਸੜਕਾਂ ’ਤੇ ਆਇਆ ਅਕਾਲੀ ਦਲ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ; ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਕੱਟਾਂ ਖ਼ਿਲਾਫ਼ ਅੱਜ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਮੌਜੂਦ ਸਨ। ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦਾ ਗੰਭੀਰ ਸੰਕਟ ਸਰਕਾਰ ਦੀ ਪ੍ਰਸ਼ਾਸਕੀ ਅਯੋਗਤਾ ਦਾ ਸਿੱਧਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਕਿਸਾਨ, ਵਪਾਰੀ ਅਤੇ ਆਮ ਸ਼ਹਿਰੀ ਗਰਮੀ ਦੇ ਕਹਿਰ ਅਤੇ ਬਿਜਲੀ ਕੱਟਾਂ ਕਾਰਨ ਤ੍ਰਾਹ-ਤ੍ਰਾਹ ਕਰ ਰਿਹਾ ਹੈ, ਪਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਸਿਰਫ਼ ਪ੍ਰਚਾਰ ਵਿੱਚ ਮਸਤ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਅਣਹੋਂਦ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਚਾਰੇ ਅਤੇ ਸਬਜ਼ੀਆਂ ਵੀ ਸੁੱਕ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਕੱਟ ਤੁਰੰਤ ਬੰਦ ਨਾ ਹੋਏ ਤਾਂ ਅਕਾਲੀ ਦਲ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗਾ।
ਧਰਨੇ ਨੂੰ ਸੁਖਵਿੰਦਰ ਸਿੰਘ ਛਿੰਦੀ ਪ੍ਰਧਾਨ ਟਰਾਂਸਪੋਰਟ ਵਿੰਗ ਪੰਜਾਬ, ਸਰਬਜੀਤ ਸਿੰਘ ਪਾਰਸ, ਹਰਜੀਤ ਸਿੰਘ ਸੀ ਏ, ਸਤਿੰਦਰ ਸਿੰਘ ਗਿੱਲ, ਸਿਮਰਨਜੀਤ ਸਿੰਘ ਢਿੱਲੋਂ, ਕੈਪਟਨ ਰਮਨਦੀਪ ਸਿੰਘ ਬਾਵਾ, ਕਰਮ ਸਿੰਘ ਬਬਰਾ ,ਸ਼ਿਵਇੰਦਰ ਸਿੰਘ ਲੱਖੋਵਾਲ, ਬੀਬੀ ਭੁਪਿੰਦਰ ਕੌਰ ਗੋਸਲ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ, ਬੀਬੀ ਰੁਪਿੰਦਰ ਕੌਰ ਧੜਾਕ ਪ੍ਰਧਾਨ ਇਸਤਰੀ ਅਕਾਲੀ ਦਲ ਦਿਹਾਤੀ, ਤਰਸੇਮ ਸਿੰਘ ਗੁੰਧੋ, ਹਰਵਿੰਦਰ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਨੇ ਸੰਬੋਧਨ ਕੀਤਾ।
ਇਸ ਮੌਕੇ ਸਤਵੰਤ ਕੌਰ ਜੌਹਲ, ਰਾਜਪ੍ਰੀਤ ਕੌਰ, ਹਰਸਿਮਰਨਜੀਤ ਕੌਰ, ਤਰਨਪ੍ਰੀਤ ਸਿੰਘ ਧਾਲੀਵਾਲ ਨਰਿੰਦਰ ਸਿੰਘ ਲਾਂਬਾ, ਜਗਤਾਰ ਸਿੰਘ ਕੁੰਬੜਾ, ਬਲਵਿੰਦਰ ਸਿੰਘ ਮੋਟੇਮਾਜਰਾ, ਪਾਲ ਸਿੰਘ ਰੱਤੂ, ਹੈਪੀ ਸਨੇਟਾ, ਗੁਰਮੀਤ ਸਿੰਘ ਬੜਮਾਜਰਾ, ਬਵਨ ਚੌਧਰੀ ਗੋਬਿੰਦਗੜ੍ਹ, ਬਿਕਰਮ ਸਿੰਘ ਗੀਗੇ ਮਾਜਰਾ ਅਤੇ ਹਰਪਾਲ ਸਿੰਘ ਬਠਲਾਣਾ ਹਾਜ਼ਰ ਸਨ।
ਖਰੜ (ਸ਼ਸ਼ੀ ਪਾਲ ਜੈਨ): ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਖਰੜ ਸਥਿਤ ਐੱਸ ਡੀ ਐੱਮ ਦਫ਼ਤਰ ਅੱਗੇ ਬਿਜਲੀ ਕੱਟਾਂ ਖ਼ਿਲਾਫ਼ ਧਰਨਾ ਦਿੱਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕਿਹਾ ਕਿ ਗਰਮੀ ਤੋਂ ਪਹਿਲਾਂ ਹੀ ਹਾਲਾਤ ਅਸਹਿਣਯੋਗ ਬਣ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਰੋਜ਼ਾਨਾ 10 ਤੋਂ 12 ਘੰਟਿਆਂ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਨਾਲ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਖੇੜਾ ਨੇ ਮੌਜੂਦਾ ਸਰਕਾਰ ’ਤੇ ਦੋਸ਼ ਲਗਾਇਆ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਸ ਨੇ ਬਿਜਲੀ ਉਤਪਾਦਨ ਸਮਰੱਥਾ ਵਿੱਚ ਕੋਈ ਨਵਾਂ ਵਾਧਾ ਨਹੀਂ ਕੀਤਾ। ਪੰਜਾਬ ਵਿੱਚ ਛੇ ਥਰਮਲ ਪਲਾਂਟ ਹਨ, ਜਿਨ੍ਹਾਂ ਵਿੱਚੋਂ ਪੰਜ ਅਕਾਲੀ ਸਰਕਾਰ ਦੇ ਸਮੇਂ ਸਥਾਪਤ ਕੀਤੇ ਗਏ ਸਨ।
ਸਥਾਨਕ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਖੇੜਾ ਨੇ ਖਰੜ ਦੀ ਵਿਧਾਇਕਾ ਦੀ ਆਲੋਚਨਾ ਕਰਦਿਆਂ ਹਲਕੇ ਨੂੰ ਅਣਦੇਖਿਆ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਦਿਲਬਾਗ ਸਿੰਘ ਮੀਆਂਪੁਰ, ਮਾਨ ਸਿੰਘ ਸੈਣੀ, ਹਰਦੀਪ ਸਿੰਘ ਖਿਜਰਾਬਾਦ, ਸ਼ਾਮ ਲਾਲ ਗੁੜਾ, ਗੁਰਧਿਆਨ ਸਿੰਘ ਨਵਾਂ ਗਰਾਓਂ, ਹਰਜਿੰਦਰ ਸਿੰਘ ਬਲੌਂਗੀ ਹਰਸਿਮਰਨ ਸਿੰਘ ਬਿੰਨੀ, ਅਮਨ ਸਰਮਾ, ਰਾਣਾ ਸੰਦੀਪ ਝੰਜੇੜੀ, ਚੇਅਰਪਰਸਨ ਬੀਬੀ ਬਿਮਲਾ, ਵਾਈਸ ਚੇਅਰਪਰਸਨ ਜਸਬੀਰ ਕੌਰ, ਸਮਿਤੀ ਮੈਂਬਰ ਰੁਪਿੰਦਰ ਕੌਰ ਧੀਮਾਨ ਅਤੇ ਮਨਜੀਤ ਸਿੰਘ ਬੜੌਦੀ ਮੌਜੂਦ ਸਨ।
‘ਆਪ’ ਸਰਕਾਰ ਦੀ ਨਾਲਾਇਕੀ ਕਾਰਨ ਹਰ ਵਰਗ ਪ੍ਰੇਸ਼ਾਨ: ਸ਼ਰਮਾ
ਡੇਰਾਬੱਸੀ (ਹਰਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਕੱਟਾਂ ਖ਼ਿਲਾਫ਼ ਐੱਸ ਡੀ ਐੱਮ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ। ਸਾਬਕਾ ਵਿਧਾਇਕ ਅਤੇ ਪਾਰਟੀ ਦੇ ਖ਼ਜ਼ਾਨਚੀ ਐੱਨ ਕੇ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ ਅਕਾਲੀ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐੱਨ ਕੇ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਦੀ ਨਾਲਾਇਕੀ ਕਾਰਨ ਹਰੇਕ ਵਰਗ ਪ੍ਰੇਸ਼ਾਨ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ 11-11 ਘੰਟੇ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਬਿਜਲੀ ਮੁਫ਼ਤ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਬਿਜਲੀ ਦੀ ਮੰਗ ਪੂਰੀ ਨਾ ਹੋਣ ’ਤੇ ਕੱਟ ਲਾਏ ਜਾ ਰਹੇ ਹਨ। ਸਰਕਾਰ ਆਪਣੀ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪਰ ਲੋਕਾ ਦੀ ਸਹੂਲਤ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਸੂਬੇ ਵਿੱਚ ਅਕਾਲੀ ਦਲ ਵੱਲੋਂ ਐੱਸ ਡੀ ਐੱਮ ਦਫ਼ਤਰ ਦੇ ਬਾਹਰ ਬਿਜਲੀ ਕੱਟਾਂ ਨੂੰ ਲੈ ਕੇ ਮੁਜ਼ਾਹਰੇ ਕੀਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਅਤੇ ਹੋਰ ਆਗੂ ਹਾਜ਼ਰ ਸਨ।

