ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੁਲਾਈ
ਸਿਟੀ ਬਿਊਟੀਫੁਲ ਵਿੱਚ ਲੰਘੀ ਰਾਤ ਪਏ ਮੀਂਹ ਅਤੇ ਦਨਿ ਭਰ ਬੱਦਲਵਾਈ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਅਨੁਸਾਰ ਅਗਲੇ 14 ਤੋਂ 16 ਜੁਲਾਈ ਤੱਕ ਮੁੜ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰਾਤ ਡੇਢ ਵਜੇ ਦੇ ਕਰੀਬ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਪਿਆ ਜੋ ਕਿ ਸਵੇਰੇ 6 ਵਜੇ ਤੱਕ ਜਾਰੀ ਰਿਹਾ। ਇਸ ਕਾਰਨ ਸ਼ਹਿਰ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ।
ਮੌਸਮ ਵਿਭਾਗ ਅਨੁਸਾਰ ਲੰਘੀ ਰਾਤ 45.8 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਹੇਠਲਾ ਪਾਰਾ ਆਮ ਨਾਲੋਂ 2 ਡਿਗਰੀ ਡਿੱਗ ਗਿਆ ਹੈ। ਅੱਜ ਘੱਟੋ-ਘੱਟ ਤਾਪਮਾਨ 21.8 ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਦਰਜ ਕੀਤਾ ਹੈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪੇ੍ਰਕ): ਮਾਨਸੂਨ ਦੀ ਦਸਤਕ ਨਾਲ ਮੌਸਮ ਕਾਫੀ ਖ਼ੁਸ਼ਗਵਾਰ ਹੋ ਗਿਆ ਅਤੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਪ੍ਰੰਤੂ ਮੀਂਹ ਦਾ ਗੰਦਾ ਪਾਣੀ ਥਾਂ ਥਾਂ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਲਾਂਡਰਾਂ-ਖਰੜ ਸੜਕ ਅਤੇ ਲਾਂਡਰਾਂ ਜੰਕਸ਼ਨ ਤੋਂ ਸੋਹਾਣਾ ਅਤੇ ਸਰਹਿੰਦ ਸੜਕ ’ਤੇ ਖੱਡਿਆਂ ਵਿੱਚ ਗੰਦਾ ਪਾਣੀ ਖੜ੍ਹਨ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਜਲ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਅਤੇ ਸ਼ਵਿਾਲਿਕ ਕਲੋਨੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਹੋਣ ਦੀ ਖ਼ਬਰ ਮਿਲੀ ਹੈ।
ਭਾਜਪਾ ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਮੀਟਿੰਗਾਂ ਵਿੱਚ ਜਲ ਨਿਕਾਸੀ ਦਾ ਢੁਕਵਾਂ ਪ੍ਰਬੰਧ ਕਰਨ ਦੀ ਦੁਹਾਈ ਦਿੰਦੇ ਆ ਰਹੇ ਹਨ ਲੇਕਨਿ ਨਗਰ ਨਿਗਮ ਵੱਲੋਂ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਧਰ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਲੰਘੀ ਦੇਰ ਰਾਤ ਮੀਂਹ ਪੈਣ ਕਾਰਨ ਇਤਿਹਾਸਕ ਨਗਰ ਨਿਗਮ ਸੋਹਾਣਾ ਅਤੇ ਆਸ ਪਾਸ ਇਲਾਕੇ ਵਿੱਚ ਕਰੀਬ ਅੱਧੀ ਰਾਤ ਬਿਜਲੀ ਗੁੱਲ ਹੋ ਗਈ ਅਤੇ ਸਾਰੀ ਰਾਤ ਬਿਜਲੀ ਨਹੀਂ ਆਈ। ਉਨ੍ਹਾਂ ਕਿਹਾ ਕਿ ਜੇਕਰ ਆਈਟੀ ਸਿਟੀ ਮੁਹਾਲੀ ਦੇ ਸ਼ਹਿਰੀ ਖੇਤਰ ਦਾ ਇਹ ਹਾਲ ਹੈ ਤਾਂ ਪੇਂਡੂ ਖੇਤਰ ਦੀਆਂ ਸਮੱਸਿਆਵਾਂ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।