‘ਆਪ’ ਵੱਲੋਂ ਸੇਖੋਂ ਨੂੰ ਚੁਣਨ ਤੋਂ ਬਾਅਦ Waris Punjab De ਨੇ ਲੱਖਾ ਸਿਧਾਣਾ ਨੂੰ ਮੌੜ ਹਲਕੇ ਤੋਂ ਇੰਚਾਰਜ ਕੀਤਾ ਨਿਯੁਕਤ
ਮੌੜ ਮੰਡੀ ਤੋਂ ਲੱਖਾ ਸਿਧਾਣਾ ਤੇ ਤਲਵੰਡੀ ਸਾਬੋ ਤੋਂ ਦੀਪ ਸਿਧੂ ਦੇ ਭਰਾ ਐਡਵੋਕੇਟ ਮਨਦੀਪ ਸਿਧੂ ਬਣਾਏ ਹਲਕਾ ਇੰਚਾਰਜ
ਨਾਭਾ ਜੇਲ੍ਹ ਬਰੇਕ ਦੇ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਕਰਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਘੱਟ ਵੀ ਨਹੀਂ ਸੀ ਹੋਇਆ ਕਿ MP Amritpal Singh ਦੀ ਪਾਰਟੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਵੀ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਾਬਕਾ ਗੈਂਗਸਟਰ ਤੋਂ ਸਮਾਜਿਕ ਕਾਰਕੁਨ ਤੇ ਨੇਤਾ ਬਣੇ ਲੱਖਾ ਸਿਧਾਣਾ ਨੂੰ ਮੌੜ ਵਿਧਾਨ ਸਭਾ ਹਲਕੇ ਤੋਂ ਇੰਚਾਰਜ ਨਿਯੁਕਤ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਪਾਰਟੀ ਨੇ ਮਰਹੂਮ ਅਦਾਕਾਰ ਤੇ ਸਮਾਜਿਕ ਕਾਰਕੁਨ ਸੰਦੀਪ ਸਿੰਘ ਉਰਫ਼ ਦੀਪ ਸਿਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿਧੂ ਨੂੰ ਤਲਵੰਡੀ ਸਾਬੋ ਹਲਕੇ ਤੋਂ ਇੰਚਾਰਜ ਐਲਾਨਿਆ ਹੈ। ਮਨਦੀਪ ਸਿੰਘ ਸਿਧੂ ਦਾ ਚੋਣ ਮੈਦਾਨ ਵਿੱਚ ਆਉਣਾ ਇੱਕ ਵੱਡਾ ਸਿਆਸੀ ਮਾਇਨਾ ਰੱਖਦਾ ਹੈ, ਜੋ ਪੰਜਾਬ ਦੀ ਪਛਾਣ ਅਤੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਉਨ੍ਹਾਂ ਦੇ ਭਰਾ ਦੀਪ ਸਿਧੂ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ।
46 ਸਾਲਾ ਲੱਖਾ ਸਿਧਾਣਾ, ਜੋ ਬਠਿੰਡਾ ਦੇ ਪਿੰਡ ਸਿਧਾਣਾ ਦਾ ਰਹਿਣ ਵਾਲਾ ਹੈ, ਕਿਸੇ ਸਮੇਂ ਇੱਕ ਚਰਚਿਤ ਗੈਂਗਸਟਰ ਸੀ ਅਤੇ ਉਸ ’ਤੇ ਕਤਲ, ਉਗਰਾਹੀ ਅਤੇ ਚੋਣਾਂ ਦੌਰਾਨ ਬੂਥ ਕਬਜ਼ਾਉਣ ਵਰਗੇ ਦੋ ਦਰਜਨ ਦੇ ਕਰੀਬ ਮਾਮਲੇ ਦਰਜ ਸਨ। ਸਾਲ 2004 ਵਿੱਚ ਪਹਿਲੀ ਵਾਰ ਜੇਲ੍ਹ ਜਾਣ ਤੋਂ ਬਾਅਦ 2017 ਤੱਕ ਉਸ ’ਤੇ ਕਈ ਕੇਸ ਚੱਲਦੇ ਰਹੇ। ਹਾਲਾਂਕਿ, ਲਗਭਗ ਇੱਕ ਦਹਾਕਾ ਪਹਿਲਾਂ ਉਸ ਨੇ ਸਮਾਜਿਕ ਗਤੀਵਿਧੀਆਂ ਅਤੇ ਰਾਜਨੀਤੀ ਵੱਲ ਰੁੱਖ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਕਰੀਬੀ ਰਹੇ ਸਿਧਾਣਾ ਨੇ ਹਾਲ ਹੀ ਵਿੱਚ ਉਨ੍ਹਾਂ ਤੋਂ ਆਪਣੀਆਂ ਰਾਹਾਂ ਵੱਖ ਕੀਤੀਆਂ ਹਨ।
ਸਿਧਾਣਾ ਦਾ ਸਿਆਸੀ ਸਫ਼ਰ 2012 ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਸ ਨੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ਼ ਪੰਜਾਬ (PPP) ਵੱਲੋਂ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਹਲਫ਼ਨਾਮੇ ਅਨੁਸਾਰ ਉਸ ਸਮੇਂ ਉਸ 'ਤੇ ਅਸਲਾ ਐਕਟ ਦਾ ਸਿਰਫ਼ ਇੱਕ ਕੇਸ ਬਕਾਇਆ ਸੀ।
ਇਨ੍ਹਾਂ ਨਿਯੁਕਤੀਆਂ ਦਾ ਐਲਾਨ ਪਾਰਟੀ ਦੇ ਸਕੱਤਰ ਪ੍ਰਗਟ ਸਿੰਘ ਮੀਆਂਵਿੰਦ ਵੱਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਨ੍ਹਾਂ ਚਿਹਰਿਆਂ ਦੇ ਆਉਣ ਨਾਲ ਪਾਰਟੀ ਦੋਵਾਂ ਅਹਿਮ ਹਲਕਿਆਂ ਵਿੱਚ ਮਜ਼ਬੂਤ ਹੋਈ ਹੈ। ਮੀਆਂਵਿੰਦ ਅਨੁਸਾਰ ਪੰਜਾਬ ਦੇ ਮੁੱਦਿਆਂ ਅਤੇ ਨੌਜਵਾਨਾਂ ਦੀ ਆਵਾਜ਼ ਚੁੱਕਣ ਲਈ ਜਾਣੇ ਜਾਂਦੇ ਲੱਖਾ ਸਿਧਾਣਾ ਦੇ ਮੈਦਾਨ ਵਿੱਚ ਆਉਣ ਨਾਲ ਚੋਣ ਖੇਤਰ ਵਿੱਚ ਇੱਕ ਨਵੀਂ ਊਰਜਾ ਦੇਖਣ ਨੂੰ ਮਿਲੇਗੀ।

