ਲੰਮੀ ਉਡੀਕ ਤੋਂ ਬਾਅਦ ਲੁਧਿਆਣਾ ’ਚ 2 ‘ਸਕੂਲ ਆਫ਼ ਐਮੀਨੈਂਸ’ ਦਾ ਉਦਘਾਟਨ ਕਰਨਗੇ ਮੁੱਖ ਮੰਤਰੀ ਮਾਨ
ਵਰਚੁਅਲ ਮਾਧਿਅਮ ਰਾਹੀਂ ਹੋਵੇਗਾ ਉਦਘਾਟਨ; ਵਿਦਿਆਰਥੀਆਂ ਨੂੰ ਮਿਲਣਗੀਆਂ ਸਮਾਰਟ ਸਹੂਲਤਾਂ
ਕਈ ਵਾਰ ਮੁਲਤਵੀ ਹੋਣ ਅਤੇ ਲੰਮੀ ਉਡੀਕ ਤੋਂ ਬਾਅਦ ਆਖ਼ਰਕਾਰ ਲੁਧਿਆਣਾ ਦੇ ਦੋ ਬਹੁ-ਉਡੀਕੇ ‘ਸਕੂਲ ਆਫ਼ ਐਮੀਨੈਂਸ’ (SOEs) ਦਾ ਉਦਘਾਟਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਹ ਨਵੀਨੀਕਰਨ ਕੀਤੇ ਕੈਂਪਸ ਵਿਦਿਆਰਥੀਆਂ ਨੂੰ ਸਮਰਪਿਤ ਕਰਨਗੇ। ਮੁੱਖ ਮੰਤਰੀ ਕਿਦਵਈ ਨਗਰ ਵਿਖੇ ਨਵੇਂ ਬਣੇ ‘ਸਕੂਲ ਆਫ਼ ਐਮੀਨੈਂਸ’ ਦਾ ਖ਼ੁਦ ਪਹੁੰਚ ਕੇ ਉਦਘਾਟਨ ਕਰਨਗੇ, ਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਿੱਲਰਗੰਜ-ਢੋਲੇਵਾਲ ਦੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਸਮਾਰੋਹ ਦੌਰਾਨ ਵਰਚੁਅਲ (ਔਨਲਾਈਨ) ਮਾਧਿਅਮ ਰਾਹੀਂ ਕੀਤਾ ਜਾਵੇਗਾ।
ਕਿਦਵਈ ਨਗਰ ਕੈਂਪਸ ਦਾ ਉਦਘਾਟਨ ਪਹਿਲਾਂ 28 ਮਈ ਨੂੰ ਪ੍ਰਸਤਾਵਿਤ ਸੀ, ਪਰ ਮੁੱਖ ਮੰਤਰੀ ਦੀ ਮਸ਼ਰੂਫ਼ੀਅਤ ਕਾਰਨ ਇਹ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਇਹ ਪ੍ਰੋਜੈਕਟ ਕਈ ਡੈੱਡਲਾਈਨਾਂ ਲੰਘਾ ਚੁੱਕਾ ਸੀ। ਤਤਕਾਲੀ ਡਿਪਟੀ ਕਮਿਸ਼ਨਰ ਨੇ ਮਾਰਚ 2025 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਸੀ ਅਤੇ ਬਾਅਦ ਵਿੱਚ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਤਿੰਨ ਮਹੀਨਿਆਂ ਵਿੱਚ ਉਦਘਾਟਨ ਦਾ ਐਲਾਨ ਕੀਤਾ ਸੀ। ਇਮਾਰਤ ਤਿਆਰ ਹੋਣ ਦੇ ਬਾਵਜੂਦ ਉਦਘਾਟਨ ਦੇ ਇੰਤਜ਼ਾਰ ’ਚ ਜਿੰਦਾ ਲੱਗਿਆ ਹੋਣ ਕਰਕੇ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਿਵੀਜ਼ਨ ਨੰ. 3 ਵਿੱਚ ਹੀ ਪੜ੍ਹਨ ਲਈ ਮਜ਼ਬੂਰ ਸਨ।
ਸਮਾਕਟ ਕਲਾਸਰੂਮ ਅਤੇ ਬਿਹਤਰ ਸਹੂਲਤਾਂ ਨਾਲ ਲੈਸ
ਨਵੇਂ ਬਣੇ ਕਿਦਵਈ ਨਗਰ ਸਕੂਲ ਆਫ਼ ਐਮੀਨੈਂਸ ਵਿੱਚ 40 ਕਲਾਸਰੂਮ ਅਤੇ ਆਧੁਨਿਕ ਬੁਨਿਆਦੀ ਢਾਂਚਾ ਹੈ। ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਤਹਿਤ ਕੈਂਪਸ ਨੂੰ ਸਮਾਰਟ ਕਲਾਸਰੂਮਾਂ ਅਤੇ ਬਿਹਤਰ ਵਿਦਿਅਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਦੂਜੇ ਪਾਸੇ, ਮਿੱਲਰਗੰਜ-ਢੋਲੇਵਾਲ ਸਕੂਲ ਵਿੱਚ ਵਿਦਿਆਰਥੀਆਂ ਲਈ ਪ੍ਰੋਜੈਕਟਰਾਂ ਵਾਲੇ ਡਿਜੀਟਲ ਕਲਾਸਰੂਮ, ਆਰ.ਓ. ਪੀਣ ਵਾਲੇ ਪਾਣੀ ਦਾ ਸਿਸਟਮ ਅਤੇ ਅੱਪਗ੍ਰੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ।
ਦੋਵੇਂ ਅਦਾਰੇ ਪੰਜਾਬ ਸਰਕਾਰ ਦੀ ਉਸ ਫਲੈਗਸ਼ਿਪ ਪਹਿਲਕਦਮੀ ਦਾ ਹਿੱਸਾ ਹਨ, ਜਿਸ ਦਾ ਮਨੋਰਥ ਸਰਕਾਰੀ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਨ੍ਹਾਂ ਵਿੱਚ ਵਿਗਿਆਨ ਤੇ ਕੰਪਿਊਟਰ ਪ੍ਰਯੋਗਸ਼ਾਲਾਵਾਂ, ਸੀਸੀਟੀਵੀ ਸਰਵੇਲੈਂਸ ਅਤੇ ਖੇਡਾਂ ਦਾ ਵਧੀਆ ਬੁਨਿਆਦੀ ਢਾਂਚਾ ਸ਼ਾਮਲ ਹੈ।
ਮੁੱਖ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਸ਼ਨੀਵਾਰ ਨੂੰ ਹੀ ਪੂਰੀਆਂ ਕਰ ਲਈਆਂ ਗਈਆਂ ਸਨ। ਕਿਦਵਈ ਨਗਰ ਕੈਂਪਸ ਵਿੱਚ ਛੇ ਅਧਿਆਪਕ ਅਤੇ ਮਿੱਲਰਗੰਜ-ਢੋਲੇਵਾਲ ਵਿਖੇ ਪੰਜ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਨੂੰ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸਕੂਲ ਦਾ ਨਿਰੀਖਣ ਕਰਨਗੇ ਅਤੇ ਵਿਦਿਆਰਥੀਆਂ ਤੇ ਮਾਪਿਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ ਫ਼ਿਰੋਜ਼ਪੁਰ ਰੋਡ ਸਥਿਤ ਕਿੰਗਜ਼ ਵਿਲਾ ਵਿਖੇ ਨਸ਼ਾ ਵਿਰੋਧੀ ਮੁਹਿੰਮ ਦੇ ਇੱਕ ਸਾਲ ਪੂਰਾ ਹੋਣ ’ਤੇ ਪਿੰਡ ਸੁਰੱਖਿਆ ਕਮੇਟੀਆਂ (VDCs) ਦੀ ਮੀਟਿੰਗ ਵਿੱਚ ਵੀ ਸ਼ਿਰਕਤ ਕਰਨਗੇ।

