Aerotropolis: ਏਅਰੋਟ੍ਰੋਪੋਲਿਸ ਪ੍ਰਾਜੈਕਟ ਤੋਂ ਪੀੜਤ ਕਿਸਾਨ ਖ਼ਫ਼ਾ
ਏਅਰੋਟ੍ਰੋਪੋਲਿਸ ਲਈ ਮੁਹਾਲੀ ਦੇ ਅੱਠ ਪਿੰਡਾਂ ਕੁਰੜੀ, ਬੜੀ, ਮਟਰਾਂ, ਪੱਤੋਂ, ਸਿਆਊ, ਬਾਕਰਪੁਰ, ਕਿਸ਼ਨਪੁਰਾ, ਛੱਤ ਦੀ 3522 ਏਕੜ ਜ਼ਮੀਨ ਐਕੁਆਇਰ ਕਰਨ ਤੋਂ ਬਾਅਦ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਲਈ 3 ਅਗਸਤ ਨੂੰ ਐਲਾਨੀ ਪਲਾਟ ਸਾਈਜ਼ ਨੀਤੀ ਉੱਤੇ ਕਿਸਾਨਾਂ ਨੇ ਇਤਰਾਜ਼ ਜ਼ਾਹਰ ਕੀਤਾ...
ਏਅਰੋਟ੍ਰੋਪੋਲਿਸ ਲਈ ਮੁਹਾਲੀ ਦੇ ਅੱਠ ਪਿੰਡਾਂ ਕੁਰੜੀ, ਬੜੀ, ਮਟਰਾਂ, ਪੱਤੋਂ, ਸਿਆਊ, ਬਾਕਰਪੁਰ, ਕਿਸ਼ਨਪੁਰਾ, ਛੱਤ ਦੀ 3522 ਏਕੜ ਜ਼ਮੀਨ ਐਕੁਆਇਰ ਕਰਨ ਤੋਂ ਬਾਅਦ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਲਈ 3 ਅਗਸਤ ਨੂੰ ਐਲਾਨੀ ਪਲਾਟ ਸਾਈਜ਼ ਨੀਤੀ ਉੱਤੇ ਕਿਸਾਨਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ।
ਕਿਸਾਨਾਂ ਨੇ ਇਸ ਗੱਲ ’ਤੇ ਵੀ ਰੋਸ ਪ੍ਰਗਟਾਇਆ ਕਿ ਜ਼ਮੀਨ ਦੇ ਐਵਾਰਡ ਸੁਣਾਉਣ ਸਮੇਂ ਲੈਂਡ ਪੂਲਿੰਗ ਨੀਤੀ ਤਹਿਤ ਪਲਾਟਾਂ ਦੇ ਸਾਈਜ਼ ਨਿਰਧਾਰਤ ਕਰਨ ਲਈ ਹੋਣ ਵਾਲੀ ਮੀਟਿੰਗ ਵਿਚ ਕਿਸਾਨਾਂ ਨੂੰ ਨੁਮਾਇੰਦਗੀ ਦੇਣ ਦੇ ਵਾਅਦੇ ਦੇ ਬਾਵਜੂਦ ਮੀਟਿੰਗ ਵਿੱਚ ਬੁਲਾਇਆ ਨਹੀਂ ਗਿਆ। ਗਮਾਡਾ ਅਧਿਕਾਰੀਆਂ ਨੇ ਖ਼ੁਦ ਮੀਟਿੰਗ ਕਰ ਕੇ ਪਲਾਟ ਸਾਈਜ਼ ਫ਼ਰੀਜ ਕਰ ਦਿੱਤੇ, ਜਿਹੜੇ ਕਿਸਾਨਾਂ ਦੇ ਹਿਤ ਵਿੱਚ ਨਹੀਂ ਹਨ।
ਕਿਸਾਨਾਂ ਨੇ ਅੱਜ ਪਿੰਡ ਕੁਰੜੀ ਦੇ ਸਰਪੰਚ ਨਾਹਰ ਸਿੰਘ, ਨੰਬਰਦਾਰ ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਭੇਜ ਸਿੰਘ, ਮੋਹਨ ਸਿੰਘ ਨੰਬਰਦਾਰ ਸਿਆਊ, ਨਵਾਬ ਸਿੰਘ ਸਿਆਊ, ਹਰਬੰਸ ਸਿੰਘ ਪੱਤੋਂ, ਸੁਖਜਿੰਦਰ ਸਿੰਘ ਆਦਿ ਦੀ ਅਗਵਾਈ ਹੇਠ ਪੁੱਡਾ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ, ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਅਤੇ ਭੋਂ ਪ੍ਰਾਪਤੀ ਕਲੈਕਟਰ ਰੋਹਿਤ ਜਿੰਦਲ ਨਾਲ ਮੁਲਾਕਾਤ ਕੀਤੀ। ਕਿਸਾਨਾਂ ਨੇ ਆਪਣੇ ਇਤਰਾਜ਼ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੇ।
ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਗਮਾਡਾ ਵੱਲੋਂ ਲੈਂਡ ਪੂਲਿੰਗ ਨੀਤੀ ਅਧੀਨ ਰਿਹਾਇਸ਼ੀ ਰਕਬੇ ਲਈ ਛੇ ਤੋਂ ਅੱਠ ਕਨਾਲ ਤੱਕ ਨਿਰਧਾਰਿਤ ਕੀਤੇ ਪਲਾਟਾਂ ਨੂੰ ਕਿਸਾਨਾਂ ਦੀ ਮੰਗ ਅਨੁਸਾਰ ਨਵੇਂ ਸਿਰਿਓਂ ਨਾ ਨਿਰਧਾਰਿਤ ਕੀਤਾ ਤਾਂ ਕਿਸਾਨ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।

