Aerotropolis: ਅੱਠ ਪਿੰਡਾਂ ਦੀ 3522 ਏਕੜ ਜ਼ਮੀਨ ਐਕੁਆਇਰ ਹੋਵੇਗੀ
ਗਮਾਡਾ ਵੱਲੋਂ ਏਅਰਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਤਹਿਤ ਛੇ ਪਾਕੇਟਾਂ (ਈ, ਐੱਫ਼, ਜੀ, ਐੱਚ, ਆਈ, ਜੇ) ਲਈ ਅੱਠ ਪਿੰਡਾਂ ਦੀ 3522 ਏਕੜ ਜ਼ਮੀਨ ਐਕੁਆਇਰ ਕਰਨ ਲਈ ਅੱਜ ਐਵਾਰਡ ਸੁਣਾਇਆ ਗਿਆ। ਕੁਲੈਕਟਰ ਰੋਹਿਤ ਜਿੰਦਲ ਅਤੇ ਹੋਰਨਾਂ ਅਧਿਕਾਰੀਆਂ ਨੇ ਸਵੇਰੇ ਦਸ ਵਜੇ ਤੋਂ ਚਾਰ...
ਗਮਾਡਾ ਵੱਲੋਂ ਏਅਰਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਤਹਿਤ ਛੇ ਪਾਕੇਟਾਂ (ਈ, ਐੱਫ਼, ਜੀ, ਐੱਚ, ਆਈ, ਜੇ) ਲਈ ਅੱਠ ਪਿੰਡਾਂ ਦੀ 3522 ਏਕੜ ਜ਼ਮੀਨ ਐਕੁਆਇਰ ਕਰਨ ਲਈ ਅੱਜ ਐਵਾਰਡ ਸੁਣਾਇਆ ਗਿਆ। ਕੁਲੈਕਟਰ ਰੋਹਿਤ ਜਿੰਦਲ ਅਤੇ ਹੋਰਨਾਂ ਅਧਿਕਾਰੀਆਂ ਨੇ ਸਵੇਰੇ ਦਸ ਵਜੇ ਤੋਂ ਚਾਰ ਵਜੇ ਤੱਕ ਪਿੰਡਾਂ ਦੇ ਕਿਸਾਨਾਂ ਨੂੰ ਵੱਖ -ਵੱਖ ਤੌਰ ’ਤੇ ਐਵਾਰਡ ਸੁਣਾਇਆ। ਅੱਠ ਪਿੰਡਾਂ ਦੀ ਸਮੁੱਚੀ ਜ਼ਮੀਨ ਐਕੁਆਇਰ ਕਰਨ ਲਈ 23,457.75 ਕਰੋੜ ਰਾਸ਼ੀ ਖ਼ਰਚ ਹੋਵੇਗੀ।
ਪਿੰਡ ਕੁਰੜੀ ਦੀ 1395.90 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿਸ ਦੀ ਪ੍ਰਤੀ ਏਕੜ ਕੀਮਤ 6,28,89,863 ਐਲਾਨੀ ਗਈ ਹੈ। ਇਸੇ ਤਰਾਂ ਪਿੰਡ ਪੱਤੋਂ ਦੀ 416.01 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿਸ ਦੀ ਕੀਮਤ 7,06,78,222 ਰੁਪਏ ਪ੍ਰਤੀ ਏਕੜ ਤੈਅ ਕੀਤੀ ਗਈ ਹੈ। ਪਿੰਡ ਸਿਆਊ ਦੀ 405.76 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਹੈ, ਜਿਸ ਦੀ ਕੀਮਤ 7,32,55,593 ਰੁਪਏ ਪ੍ਰਤੀ ਏਕੜ ਹੈ। ਪਿੰਡ ਬੜੀ ਦੀ 375.78 ਏਕੜ ਜ਼ਮੀਨ ਹਾਸਲ ਕੀਤੀ ਗਈ ਹੈ, ਜਿਸ ਦੀ ਕੀਮਤ 7,18,86,959 ਰੁਪਏ ਪ੍ਰਤੀ ਏਕੜ ਐਲਾਨੀ ਗਈ ਹੈ।
ਪਿੰਡ ਮਟਰਾਂ ਦੀ 59.89 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿਸ ਦੀ ਪ੍ਰਤੀ ਏਕੜ ਕੀਮਤ 8,28,88,626 ਰੁਪਏ ਪ੍ਰਤੀ ਏਕੜ ਮਿੱਥੀ ਗਈ ਹੈ। ਪਿੰਡ ਬਾਕਰਪੁਰ ਦੀ 51.33 ਏਕੜ ਜ਼ਮੀਨ ਲਈ ਗਈ ਹੈ, ਜਿਸ ਦੀ ਕੀਮਤ 8,22,31,798 ਰੁਪਏ ਪ੍ਰਤੀ ਏਕੜ ਨਿਰਧਾਰਿਤ ਕੀਤੀ ਗਈ ਹੈ। ਪਿੰਡ ਛੱਤ ਦੀ 62.75 ਏਕੜ ਜ਼ਮੀਨ ਹਾਸਲ ਕੀਤੀ ਗਈ ਹੈ, ਜਿਸ ਦੀ ਕੀਮਤ 6,28,89,963 ਰੁਪਏ ਪ੍ਰਤੀ ਏਕੜ ਨਿਸ਼ਚਿਤ ਕੀਤੀ ਗਈ ਹੈ। ਪਿੰਡ ਕਿਸ਼ਨਪੁਰਾ ਦੀ 755.57 ਏਕੜ ਜ਼ਮੀਨ ਲਈ ਗਈ ਹੈ, ਜਿਸ ਦੀ ਕੀਮਤ 6,28,89,863 ਰੁਪਏ ਐਲਾਨੀ ਗਈ ਹੈ।
ਪੁਲੀਸ ਸਖ਼ਤੀ ਕਾਰਨ ਕਿਸਾਨਾਂ ਦਾ ਧਰਨਾ ਨਾਕਾਮ
ਮੁਹਾਲੀ ਦੇ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਲਈ ਅੱਠ ਪਿੰਡਾਂ ਦੀ 3,522 ਏਕੜ ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਗਮਾਡਾ ਦਫ਼ਤਰ ਅੱਗੇ ਲਾਇਆ ਜਾਣ ਵਾਲਾ ਧਰਨਾ ਪੁਲੀਸ ਸਖ਼ਤੀ ਕਾਰਨ ਨਹੀਂ ਲੱਗ ਸਕਿਆ। ਮੁਹਾਲੀ ਦੇ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਸੰਘਰਸ਼ ਕਮੇਟੀ ਦੇ ਕਨਵੀਨਰ ਨਛੱਤਰ ਸਿੰਘ ਬੈਦਵਾਣ, ਸੇਵਾ ਸਿੰਘ ਬਾਕਰਪੁਰ, ਦਰਸ਼ਨ ਸਿੰਘ ਦੁਰਾਲੀ, ਕੁਲਦੀਪ ਸਿੰਘ ਕੁਰੜੀ ਨੂੰ ਸਵੇਰੇ ਛੇ ਵਜੇ ਉਨ੍ਹਾਂ ਦੇ ਘਰਾਂ ਤੋਂ ਹੀ ਚੁੱਕ ਲਿਆ। ਪੁਲੀਸ ਵੱਲੋਂ ਮੱਖਣ ਸਿੰਘ ਗੀਗੇਮਾਜਰਾ, ਕਮਲਜੀਤ ਸਿੰਘ ਬੜੀ, ਪਰਮਦੀਪ ਸਿੰਘ ਬੈਦਵਾਣ, ਕਮਲਪ੍ਰੀਤ ਸਿੰਘ ਦੁਰਾਲੀ, ਦੀਦਾਰ ਸਿੰਘ ਬੜੀ ਅਤੇ ਕਈ ਹੋਰਨਾਂ ਦੇ ਘਰਾਂ ਵਿਚ ਵੀ ਦਸਤਕ ਦਿੱਤੀ ਗਈ ਪਰ ਇਹ ਆਗੂ ਪੁਲੀਸ ਦੇ ਹੱਥ ਨਾ ਆਏ। ਇਸ ਮਗਰੋਂ ਪੁਲੀਸ ਨੇ ਫੇਜ਼-8 ਦੇ ਗਮਾਡਾ ਦਫ਼ਤਰ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਅਤੇ ਸਮੁੱਚਾ ਖੇਤਰ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ। ਪੁਲੀਸ ਨੇ ਐਵਾਰਡ ਸੁਣਨ ਲਈ ਆਏ ਕਿਸਾਨਾਂ ਨੂੰ ਦਫ਼ਤਰ ਅੰਦਰ ਜਾਣ ਦਿੱਤਾ। ਸਵੇਰੇ ਦਸ ਵਜੇ ਦੇ ਕਰੀਬ ਮੱਖਣ ਸਿੰਘ ਗੀਗੇਮਾਜਰਾ, ਕਮਲਜੀਤ ਸਿੰਘ ਬੜੀ, ਰਣਬੀਰ ਸਿੰਘ ਗਰੇਵਾਲ, ਗੁਰਮੀਤ ਸਿੰਘ ਗੀਗੇਮਾਜਰਾ, ਗੁਰਪ੍ਰੀਤ ਸਿੰਘ ਨਗਾਰੀ ਅਤੇ ਕੁਝ ਹੋਰ ਆਗੂ ਗਮਾਡਾ ਦਫ਼ਤਰ ਨੇੜੇ ਪਹੁੰਚੇ ਤਾਂ ਪੁਲੀਸ ਉਨ੍ਹਾਂ ਨੂੰ ਤੁਰੰਤ ਕਾਬੂ ਕਰਕੇ ਮਟੌਰ ਥਾਣੇ ਲੈ ਗਈ। ਇਨ੍ਹਾਂ ਆਗੂਆਂ ਨੂੰ ਬਾਅਦ ਦੁਪਹਿਰ ਚਾਰ ਵਜੇ ਛੱਡਿਆ ਗਿਆ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲੀਸ ਨੇ ਉਨ੍ਹਾਂ ਦਾ ਸ਼ਾਂਤਮਈ ਰੋਸ ਪ੍ਰਗਟ ਕਰਨ ਦਾ ਹੱਕ ਖੋਹ ਕੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਹੈ। ਕਿਸਾਨਾਂ ਦੇ ਇਤਰਾਜ਼ ਦੂਰ ਕੀਤੇ ਬਿਨਾਂ, ਸਮਾਜਿਕ ਪ੍ਰਭਾਵ ਮੁਲਾਂਕਣ ਬਾਰੇ ਜਾਣਕਾਰੀ ਦਿੱਤੇ ਬਿਨਾਂ ਅਤੇ ਕੁਝ ਜ਼ਮੀਨ ਉੱਤੇ ਹਾਈ ਕੋਰਟ ਵੱਲੋਂ ਲਾਈ ਗਈ ਅੰਤਰਿਮ ਰੋਕ ਨੂੰ ਧਿਆਨ ਵਿਚ ਰੱਖੇ ਬਿਨਾਂ ਐਵਾਰਡ ਸੁਣਾਇਆ ਗਿਆ ਹੈ। ਕਿਸਾਨਾਂ ਦੀਆਂ ਜ਼ਮੀਨਾਂ ਬਾਜ਼ਾਰ ਦੀ ਕੀਮਤ ਤੋਂ ਅੱਧੇ ਮੁੱਲ ’ਤੇ ਕੌਡੀਆਂ ਦੇ ਭਾਅ ਐਕੁਆਇਰ ਕੀਤੀਆਂ ਗਈਆਂ ਹਨ, ਜਿਸ ਲਈ ਕਾਨੂੰਨੀ ਲੜਾਈ ਵਿੱਢੀ ਜਾਵੇਗੀ।
ਪਾਕੇਟ ਅਨੁਸਾਰ ਜ਼ਮੀਨ ਦਾ ਵੇਰਵਾ
ਈ ਪਾਕੇਟ ਲਈ ਕੁਰੜੀ, ਪੱਤੋਂ, ਸਿਆਊ ਪਿੰਡਾਂ ਦੀ 757.73 ਏਕੜ; ਐੱਫ਼ ਲਈ ਕੁਰੜੀ, ਪੱਤੋਂ, ਸਿਆਊ, ਬੜੀ ਪਿੰਡ ਦੀ 493.64 ਏਕੜ; ਜੀ ਲਈ ਕੁਰੜੀ, ਸਿਆਊ, ਬੜੀ, ਮਟਰਾਂ, ਬਾਕਰਪੁਰ ਪਿੰਡ ਦੀ 490.32 ਏਕੜ, ਐੱਚ ਲਈ ਕੁਰੜੀ, ਬੜੀ, ਬਾਕਰਪੁਰ, ਛੱਤ, ਕਿਸ਼ਨਪੁਰਾ ਦੀ 855.18 ਏਕੜ, ਆਈ ਲਈ ਕੁਰੜੀ ਅਤੇ ਕਿਸ਼ਨਪੁਰਾ ਦੀ 462.97 ਏਕੜ ਅਤੇ ਜੇ ਲਈ ਪਿੰਡ ਕੁਰੜੀ ਦੀ 463.16 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਹੈ।
ਲੈਂਡ ਪੂਲਿੰਗ ਨੀਤੀ ਦਾ ਬਦਲ ਮੌਜੂਦ
ਕਿਸਾਨਾਂ ਨੂੰ ਸੁਣਾਏ ਗਏ ਐਵਾਰਡ ਉੱਤੇ ਉਜਾੜਾ ਭੱਤਾ, ਆਊਸਟੀ ਪਲਾਟ, ਖੇਤੀਬਾੜੀ ਲਈ ਬਿਜਲੀ ਕੁਨੈਕਸ਼ਨ, ਸਹੂਲੀਅਤ ਸਰਟੀਫ਼ਿਕੇਟ ਤਹਿਤ ਕੁੱਝ ਹੋਰ ਲਾਭ ਵੀ ਮਿਲਣਗੇ। ਇਸੇ ਤਰ੍ਹਾਂ ਕਿਸਾਨਾਂ ਕੋਲ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦਾ ਬਦਲ ਵੀ ਮੌਜੂਦ ਹੈ, ਜਿਸ ਤਹਿਤ ਕਿਸਾਨ ਨਗਦ ਰਾਸ਼ੀ ਦੇ ਭੁਗਤਾਨ ਦੀ ਥਾਂ ਇੱਕ ਏਕੜ ਪਿੱਛੇ 1000 ਗਜ਼ ਰਿਹਾਇਸ਼ੀ ਅਤੇ 210 ਗਜ਼ ਵਪਾਰਕ ਥਾਂ ਹਾਸਲ ਕਰ ਸਕਣਗੇ। ਵਪਾਰਕ ਥਾਂ ਨਾ ਲੈਣ ਦੀ ਸੂਰਤ ਵਿਚ ਕਿਸਾਨਾਂ ਨੂੰ 1630 ਵਰਗ ਗਜ਼ ਰਿਹਾਇਸ਼ੀ ਥਾਂ ਮਿਲੇਗੀ।

