Administrative Initiative: ਪ੍ਰਸ਼ਾਸਨਿਕ ਪਹਿਲਕਦਮੀ ਨਾਲ ਮੁਸ਼ਕਲਾਂ ਹੱਲ
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ; ਜਨਵਰੀ ਤੋਂ ਹੁਣ ਤੱਕ ਜਨਤਾ ਦਰਬਾਰਾਂ ਵਿੱਚ 72 ਫ਼ੀਸਦ ਸ਼ਿਕਾਇਤਾਂ ਦਾ ਨਿਬੇੜਾ ਕਰਨ ਦਾ ਦਾਅਵਾ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਲਾਏ ਜਾਂਦੇ ਜਨਤਾ ਦਰਬਾਰਾਂ ਵਿੱਚ 72 ਫ਼ੀਸਦ ਅਤੇ ਸਮਾਧਾਨ ਸ਼ਿਵਰਾਂ ਵਿੱਚ 90 ਫ਼ੀਸਦ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਬੇੜੇ ਸਬੰਧੀ ਕੀਤੀ ਸਮੀਖਿਆ ਮੀਟਿੰਗ ਵਿੱਚ ਕੀਤਾ। ਕਟਾਰੀਆ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਹਰ ਹਫ਼ਤੇ ਯੂ ਟੀ ਸਕੱਤਰੇਤ ਵਿੱਚ ਜਨਤਾ ਦਰਬਾਰ ਅਤੇ ਸ਼ਹਿਰ ਵਿੱਚ ਸਮਾਧਾਨ ਸ਼ਿਵਰ ਲਾਏ ਜਾਂਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਯੂ ਟੀ ਪ੍ਰਸ਼ਾਸਕ ਵੱਲੋਂ ਪਹਿਲੀ ਜਨਵਰੀ ਤੋਂ ਹੁਣ ਤੱਕ 48 ਜਨਤਾ ਦਰਬਾਰ ਅਤੇ 5 ਸਮਾਧਾਨ ਸ਼ਿਵਰ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਜਨਤਾ ਦਰਬਾਰਾਂ ਵਿੱਚ 21 ਵਿਭਾਗਾਂ ਨਾਲ ਸਬੰਧਤ 357 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ’ਚੋਂ 257 ਦਾ ਨਿਬੇੜਾ ਕੀਤਾ ਗਿਆ ਹੈ। ਇਸੇ ਤਰ੍ਹਾਂ 5 ਸਮਾਧਾਨ ਸ਼ਿਵਰਾਂ ਵਿੱਚ ਆਈਆਂ 350 ਸ਼ਿਕਾਇਤਾਂ ਵਿੱਚੋਂ 313 ਦਾ ਨਿਬੇੜਾ ਕੀਤਾ ਗਿਆ ਹੈ। ਕਟਾਰੀਆ ਨੇ ਕਿਹਾ ਕਿ ਸੰਵੇਦਨਸ਼ੀਲ ਅਤੇ ਜਵਾਬਦੇਹ ਸ਼ਾਸਨ ਲਈ ਨਾਗਰਿਕਾਂ ਤੇ ਪ੍ਰਸ਼ਾਸਨ ਵਿਚਾਲੇ ਸਿੱਧਾ ਸੰਵਾਦ ਹੋਣਾ ਜ਼ਰੂਰੀ ਹੈ।

