ਡੇਰਾਬੱਸੀ ਵਿੱਚ ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ
ਡੇਰਾਬੱਸੀ ਉਪ-ਮੰਡਲ ਵਿੱਚ ਨਾਜਾਇਜ਼ ਖਣਨ ਖ਼ਿਲਾਫ਼ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ ਹੈ। 28 ਜੁਲਾਈ ਤੋਂ 30 ਸਤੰਬਰ ਤੱਕ 11 ਸੰਵੇਦਨਸ਼ੀਲ ਥਾਵਾਂ ’ਤੇ ਕੀਤੀਆਂ ਜਾਂਚਾਂ ਦੌਰਾਨ 23.7 ਲੱਖ ਘਣ ਫੁੱਟ ਗੈਰ-ਕਾਨੂੰਨੀ ਤੌਰ ’ਤੇ ਕੱਢੇ ਗਏ ਲਘੂ ਖਣਿਜਾਂ...
ਡੇਰਾਬੱਸੀ ਉਪ-ਮੰਡਲ ਵਿੱਚ ਨਾਜਾਇਜ਼ ਖਣਨ ਖ਼ਿਲਾਫ਼ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ ਹੈ। 28 ਜੁਲਾਈ ਤੋਂ 30 ਸਤੰਬਰ ਤੱਕ 11 ਸੰਵੇਦਨਸ਼ੀਲ ਥਾਵਾਂ ’ਤੇ ਕੀਤੀਆਂ ਜਾਂਚਾਂ ਦੌਰਾਨ 23.7 ਲੱਖ ਘਣ ਫੁੱਟ ਗੈਰ-ਕਾਨੂੰਨੀ ਤੌਰ ’ਤੇ ਕੱਢੇ ਗਏ ਲਘੂ ਖਣਿਜਾਂ ਦਾ ਪਤਾ ਲਾਇਆ ਗਿਆ।
ਇਹ ਕਾਰਵਾਈ ਟਾਂਗਰੀ ਦਰਿਆ ਦੇ ਪੱਤਣ, ਪੰਚਾਇਤੀ ਅਤੇ ਨਿੱਜੀ ਜ਼ਮੀਨਾਂ ਤੋਂ ਇਲਾਵਾ ਗੈਰ-ਕਾਨੂੰਨੀ ਮਾਈਨਿੰਗ ਲਈ ਸੰਵੇਦਨਸ਼ੀਲ ਪੇਂਡੂ ਖੇਤਰਾਂ ਵਿੱਚ ਕੀਤੀ ਗਈ। ਇਸ ਦੌਰਾਨ 5 ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ, ਭਾਰੀ ਮਸ਼ੀਨਰੀ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਨਾਜਾਇਜ਼ ਖਣਿਜ ਪਦਾਰਥ ਲਿਜਾਣ ਵਾਲੇ ਵਾਹਨਾਂ ਵਿਰੁੱਧ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਦੇ ਨਿਯਮ 74 ਅਤੇ 75 ਤਹਿਤ ਕਾਰਵਾਈ ਕਰਦਿਆਂ 20 ਲੱਖ ਰੁਪਏ ਤੋਂ ਵੱਧ ਦੀ ਕੰਪਾਊਂਡਿੰਗ ਰਕਮ ਵਸੂਲ ਕੀਤੀ ਗਈ।
ਕਾਰਜਕਾਰੀ ਇੰਜਨੀਅਰ ਗੁਰਤੇਜ ਸਿੰਘ ਗਰਚਾ ਅਤੇ ਐੱਸ ਡੀ ਓ ਪ੍ਰਦੀਪ ਕੁਮਾਰ ਦੀ ਰਿਪੋਰਟ ਅਨੁਸਾਰ, ਬਹੁ-ਵਿਭਾਗੀ ਟੀਮਾਂ ਵੱਲੋਂ ਉਪ-ਮੰਡਲ ਦੇ ਵੱਖ-ਵੱਖ ਸੰਵੇਦਨਸ਼ੀਲ ਸਥਾਨਾਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਪਿੰਡ ਜੌਲਾ ਕਲਾਂ, ਨਿੰਬੂਆਂ, ਬੀਰ ਦੰਦਰਾਲਾ, ਬੱਲੋਪੁਰ-ਧਰਮਗੜ੍ਹ ਰੋਡ ਅਤੇ ਟਾਂਗਰੀ ਦਰਿਆ ਦੇ ਤੱਟ ਨਾਲ ਲੱਗਦੇ ਸਾਰੰਗਪੁਰ, ਬਿਜਨਪੁਰ, ਮੁਕੰਦਪੁਰ, ਸੁੰਦਰਾਂ, ਬਡਾਣਾ ਅਤੇ ਬਾਊਦਾ ਬਾਊਦੀ ਸਮੇਤ ਵੱਖ-ਵੱਖ ਸਥਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕਈ ਥਾਵਾਂ ’ਤੇ ਗੈਰ-ਕਾਨੂੰਨੀ ਖੁਦਾਈ ਅਤੇ ਮਾਈਨਿੰਗ ਦੇ ਮਾਮਲੇ ਸਾਹਮਣੇ ਆਏ, ਜਿਸ ਮਗਰੋਂ ਨਿਯਮਾਂ ਅਨੁਸਾਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਗਈ।
ਟਾਂਗਰੀ ਦਰਿਆ ਦੇ ਪੱਤਣ ਅਤੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਸਮੇਤ ਵੱਖ-ਵੱਖ ਸਥਾਨਾਂ ’ਤੇ ਗੈਰ-ਕਾਨੂੰਨੀ ਖੁਦਾਈ ਦੇ ਮਾਮਲਿਆਂ ਸਬੰਧੀ ਹੰਡੇਸਰਾ ਅਤੇ ਡੇਰਾਬੱਸੀ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਗਏ। ਕਾਰਵਾਈ ਦੌਰਾਨ ਪੋਕਲੇਨ ਅਤੇ ਜੇ ਸੀ ਬੀ ਮਸ਼ੀਨਾਂ ਸਮੇਤ ਟਿੱਪਰ ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਨਾਜਾਇਜ਼ ਖੁਦਾਈ ਵਿੱਚ ਸ਼ਾਮਲ ਪਾਏ ਗਏ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ। ਬਿਜਨਪੁਰ ਅਤੇ ਅੰਟਾਲਾ ਵਿੱਚ ਮਾਰੇ ਛਾਪਿਆਂ ਤੋਂ ਬਾਅਦ ਡੇਰਾਬੱਸੀ ਅਤੇ ਹੰਡੇਸਰਾ ਪੁਲੀਸ ਵੱਲੋਂ ਗੈਰ-ਕਾਨੂੰਨੀ ਖੁਦਾਈ ਸਬੰਧੀ ਐੱਫ ਆਈ ਆਰ ਦਰਜ ਕੀਤੀਆਂ ਗਈਆਂ। ਬਿਜਨਪੁਰ ਵਿੱਚ ਪੋਕਲੇਨ ਮਸ਼ੀਨ ਅਤੇ ਟਿੱਪਰ ਨੂੰ ਕਬਜ਼ੇ ਵਿੱਚ ਲਿਆ ਗਿਆ, ਜਦਕਿ ਅੰਟਾਲਾ ਵਿੱਚ ਗੈਰ-ਕਾਨੂੰਨੀ ਖੁਦਾਈ ਦਾ ਮਾਮਲਾ ਸਾਹਮਣੇ ਆਉਣ ’ਤੇ ਜੇ ਸੀ ਬੀ ਮਸ਼ੀਨ ਜ਼ਬਤ ਕੀਤੀ ਗਈ।

