ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 29 ਮਈ
ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਪੁਲੀਸ ‘ਤੇ ਉਸ ‘ਤੇ ਸਿਆਸੀ ਦਬਾਅ ਹੇਠ ਕੇਸ ਦਰਜ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੀਸੀਟੀਵੀ ਫੁਟੇਜ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਕੌਂਸਲਰ ਅਤੇ ਉਸ ਦਾ ਪਰਿਵਾਰ ਉਸ ਨਾਲ ਘਰ ਵੜ ਕੇ ਕੁੱਟਮਾਰ ਕਰ ਰਿਹਾ ਹੈ ਪਰ ਪੁਲੀਸ ਨੇ ਸੱਚਾਈ ਦੀ ਜਾਂਚ ਕੀਤੇ ਬਿਨਾਂ ਇਕ ਪਾਸੜ ਕਾਰਵਾਈ ਕਰਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰ ਦੀ ਪਿੰਡ ਕਾਠਗੜ੍ਹ ਵਿਖੇ ਜੱਦੀ ਜ਼ਮੀਨ ਹੈ। ਇਸ ਜ਼ਮੀਨ ਦਾ ਰਸਤਾ ਕੌਂਸਲਰ ਅਜੀਤਪਾਲ ਸਿੰਘ ਨਾਲ ਸਾਂਝਾ ਹੈ। ਇਸ ਦਾ ਕੇਸ ਅਦਾਲਤ ਵਿੱਚ ਚਲ ਰਿਹਾ ਹੈ ਜਿਸ ‘ਤੇ ਸਟੇਅ ਹੈ। ਇਸ ਦੇ ਬਾਵਜੂਦ ਕੌਂਸਲਰ ਅਜੀਤਪਾਲ ਸਿੰਘ ਵੱਲੋਂ ਇਕ ਪਾਸੇ ਦੀ ਕੰਧ ਤੋੜ ਕੇ ਨਿੱਜੀ ਰਸਤੇ ਨੂੰ ਪਬਲਿਕ ਰਸਤੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਕਰਨ ‘ਤੇ ਕੌਂਸਲਰ ਅਜੀਤਪਾਲ ਸਿੰਘ ਨੇ ਕਿਹਾ ਕਿ ਪੁਰਾਣਾ ਝਗੜੇ ਸਬੰਧੀ ਪੁਲੀਸ ਨੂੰ ਕੀਤੀ ਸ਼ਿਕਾਇਤ ‘ਤੇ ਹੁਣ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਵੱਲੋਂ ਉਸ ਨਾਲ ਮਾਰਕੁੱਟ ਕੀਤੀ ਗਈ।