ਪੱਤਰ ਪ੍ਰੇਰਕ
ਲਾਲੜੂ, 28 ਮਈ
ਲਾਲੜੂ ਮੰਡੀ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਕਥਿਤ ਤੌਰ ‘ਤੇ ਕੀਤੇ ਨਾਜ਼ਾਇਜ਼ ਕਬਜ਼ਿਆਂ ਕਾਰਨ ਆਮ ਰਾਹਗੀਰਾਂ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜ਼ਾਰ ਵਿਚ ਮੁੱਖ ਸੜਕਾਂ ‘ਤੇ ਪਏ ਦੁਕਾਨਦਾਰਾਂ ਦੇ ਸਾਮਾਨ ਨੂੰ ਲੈ ਕੇ ਹਰ ਰੋਜ਼ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਲੋਕਾਂ ਦਾ ਵਾਹਨ ਲੈ ਕੇ ਤਾਂ ਕਿ ਬਾਜ਼ਾਰ ਵਿਚੋਂ ਪੈਦਲ ਲੰਘਣਾ ਵੀ ਔਖਾ ਹੋਇਆ ਪਿਆ ਹੈ।
ਭਾਰਤੀ ਕਿਸਾਨ ਯੁੂਨੀਅਨ ਦੇ ਆਗੂ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਪਿਛਲੇ ਦਿਨੀਂ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਨੂੰ ਸ਼ਿਕਾਇਤ ਵੀ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਪੁਰਾਣੀ ਦਾਣਾ ਮੰਡੀ ਦੇ ਫੜ੍ਹਾਂ ਅਤੇ ਸੜਕਾਂ ਉਤੇ ਦੁਕਾਨਦਾਰਾਂ, ਰੇਹੜੀਆਂ, ਫੜੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਮੁੱਖ ਬਾਜ਼ਾਰ ਦੀਆਂ ਸੜਕਾਂ ਤੇ ਦੁਕਾਨਦਾਰਾਂ ਨੇ ਨਾਜ਼ਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ। ਦੁਕਾਨਦਾਰਾਂ ਨੇ ਪਹਿਲਾਂ ਆਪਣੀ ਦੁਕਾਨਾਂ ਦੇ ਬਾਹਰ ਬਣੇ ਵਰਾਂਡੇ ਛੱਤੇ, ਫਿਰ ਪੈਦਲ ਚੱਲਣ ਵਾਲਾ ਰਸਤਾ ਵੀ ਛੱਤ ਲਿਆ ਤੇ ਹੁਣ ਆਪਣਾ ਸਮਾਨ ਮੁੱਖ ਬਾਜ਼ਾਰ ਦੀਆਂ ਸੜਕਾਂ ‘ਤੇ ਰੱਖ ਲਿਆ ਹੈ। ਬਜ਼ਾਰ ਦੀਆਂ ਸੜਕਾਂ ਦੀ ਚੌੜਾਈ 40 ਤੋਂ 45 ਫੁੱਟ ਸੀ, ਜੋ ਘੱਟ ਕੇ ਹੁਣ ਮਸਾਂ ਹੀ 20-25 ਫੁੱਟ ਰਹਿ ਗਈ ਹੈ। ਜਿਸ ਸੰਬੰਧੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਪੱਥਰੀਆ ਨੇ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਥਾਂ ‘ਤੇ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਤੇ ਨਾਜ਼ਾਇਜ਼ ਕਬਜ਼ੇ ਦੁੂਰ ਕਰਵਾਏ ਜਾਣਗੇ।
ਪੰਚਕੂਲਾ ਦੀਆਂ ਮਾਰਕੀਟਾਂ ‘ਚ ਨਾਜਾਇਜ਼ ਕਬਜ਼ਿਆਂ ਤੋਂ ਲੋਕ ਪ੍ਰੇਸ਼ਾਨ
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦੀਆਂ ਮਾਰਕੀਟਾਂ ਵਿੱਚ ਨਜਾਇਜ਼ ਕਬਜ਼ਿਆਂ ਵਿਰੁੱਧ ਐਚ.ਐਸ.ਵੀ.ਪੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਜ਼ੀਰੋ ਸਾਬਤ ਹੋ ਰਹੀ ਹੈ। ਸ਼ਹਿਰ ਦੇ ਸੈਕਟਰ-20, 19, 16, 15, 14 ਸਮੇਤ ਲਗਭਗ ਸਾਰੇ ਸੈਕਟਰਾਂ ਦੀ ਮਾਰਕੀਟ ਵਿੱਚ ਕਬਜ਼ਿਆਂ ਦੀ ਸਮੱਸਿਆ ਬਣੀ ਹੋਈ ਹੈ। ਦੁਕਾਨਦਾਰਾਂ ਨੇ ਵਰਾਂਡਿਆਂ ਵਿੱਚ ਸਟਾਲ ਲਗਾ ਕੇ ਇਸ ‘ਤੇ ਸਾਮਾਨ ਰੱਖਿਆ ਹੋਇਆ ਹੈ। ਵਰਾਂਡਿਆਂ ਵਿੱਚ ਥਾਂ ਨਾ ਹੋਣ ਕਾਰਨ ਲੋਕਾਂ ਨੂੰ ਇੱਕ ਦੁਕਾਨ ਤੋਂ ਦੂਜੀ ਦੁਕਾਨ ‘ਤੇ ਜਾਣ ਲਈ ਦਿਨ ਵੇਲੇ ਧੁੱਪ ਵਿੱਚੋਂ ਲੰਘਣਾ ਪੈਂਦਾ ਹੈ ਜਿਸ ਤੋਂ ਲੋਕ ਪ੍ਰੇਸ਼ਾਨ ਹਨ।