ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਮੁਹਾਲੀ ਨਗਰ ਨਿਗਮ ਚੋਣਾਂ ਜਿੱਤੀਆਂ ਨਹੀਂ, ਬਲਕਿ ਧਾਂਦਲੀ ਰਾਹੀਂ ਲੁੱਟੀਆਂ ਹਨ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਹੁਕਮਰਾਨ ਧਿਰ ਨੇ ਬੋਗਸ ਵੋਟਾਂ ਭੁਗਤਾਈਆਂ ਅਤੇ ਵੋਟਾਂ ਦੀ ਗਿਣਤੀ ਦੌਰਾਨ ਵੱਡੀਆਂ ਬੇਨੇਮੀਆਂ ਸਾਹਮਣੇ ਆਈਆਂ ਹਨ। ਸ੍ਰੀ ਸਿੱਧੂ ਨੇ ਰਾਜ ਚੋਣ ਕਮਿਸ਼ਨ ਤੋਂ ਵਾਰਡ ਨੰਬਰ 23 ਦੇ ਬੂਥ 93, ਵਾਰਡ ਨੰਬਰ 2 ਦੇ ਬੂਥ 7 ਅਤੇ ਵਾਰਡ ਨੰਬਰ 4 ਦੇ ਬੂਥ 17 ਦੇ ਨਤੀਜੇ ਰੱਦ ਕਰਕੇ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਬੈਲਟ ਬਾਕਸਾਂ ਵਿੱਚੋਂ ਕਈ ਅਜਿਹੀਆਂ ਵੋਟ ਪਰਚੀਆਂ ਮਿਲੀਆਂ ਜਿਨ੍ਹਾਂ ਨਾਲ ‘ਕਾਊਂਟਰਫਾਇਲ’ (ਰਸੀਦ) ਜੁੜੇ ਹੋਏ ਸਨ ਅਤੇ ਉਨ੍ਹਾਂ ’ਤੇ ਵੋਟਰਾਂ ਦੇ ਦਸਤਖ਼ਤ ਜਾਂ ਅੰਗੂਠੇ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਲਿਖਤੀ ਇਤਰਾਜ਼ਾਂ ਦੇ ਬਾਵਜੂਦ ਨਤੀਜੇ ਐਲਾਨ ਦਿੱਤੇ ਗਏ।
ਇੱਕ ਵੋਟ ਨਾਲ ਹਾਰੀ ਭਾਜਪਾ ਉਮੀਦਵਾਰ ਨੇ ਚੁੱਕੇ ਸਵਾਲ
ਵਾਰਡ ਨੰਬਰ 47 ਤੋਂ ਮਹਿਜ਼ ਇੱਕ ਵੋਟ ਨਾਲ ਹਾਰੀ ਭਾਜਪਾ ਉਮੀਦਵਾਰ ਸੁਖਦੀਪ ਕੌਰ ਨੇ ਚੋਣ ਨਤੀਜੇ ‘ਤੇ ਸਵਾਲ ਚੁੱਕਦਿਆਂ ਦੁਬਾਰਾ ਗਿਣਤੀ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਿਖਤੀ ਇਤਰਾਜ਼ ਦੇਣ ਦੇ ਬਾਵਜੂਦ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਪੁਲੀਸ ਰਾਹੀਂ ਗਿਣਤੀ ਕੇਂਦਰ ਤੋਂ ਬਾਹਰ ਕਢਵਾ ਦਿੱਤਾ। ਸੁਖਦੀਪ ਕੌਰ ਅਨੁਸਾਰ ਵਾਰਡ ਵਿੱਚ 40 ਵੋਟਾਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਬਹੁਤੀਆਂ ਭਾਜਪਾ ਦੀਆਂ ਸਨ।

