ਆਮ ਆਦਮੀ ਪਾਰਟੀ ਨੇ 30 ਜਨਵਰੀ, 2024 ਨੂੰ ਹੋਈਆਂ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਬੈਲਟ ਪੇਪਰਾਂ ਨਾਲ ਹੋਈ ਕਥਿਤ ਛੇੜਛਾੜ ਅਤੇ ਗਿਣਤੀ ਪ੍ਰਕਿਰਿਆ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਤੇਜ਼ ਕਰਦਿਆਂ ਅੱਜ ਚੰਡੀਗੜ੍ਹ ਦੇ ਪੁਲੀਸ ਡਾਇਰੈਕਟਰ ਜਨਰਲ (ਡੀ ਜੀ ਪੀ) ਨੂੰ ਰਸਮੀ ਸ਼ਿਕਾਇਤ ਸੌਂਪੀ। ਪਾਰਟੀ ਪ੍ਰਧਾਨ ਵਿਜੈਪਾਲ ਸਿੰਘ ਦੀ ਅਗਵਾਈ ਹੇਠ ਸੌਂਪੇ ਗਏ ਇਸ ਸ਼ਿਕਾਇਤ ਪੱਤਰ ਵਿੱਚ ਤਤਕਾਲੀ ਚੋਣ ਅਧਿਕਾਰੀ ਅਨਿਲ ਮਸੀਹ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਅਤੇ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।
ਵਫ਼ਦ ਵਿੱਚ ‘ਆਪ’ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰੇਮ ਗਰਗ, ਜਨਰਲ ਸਕੱਤਰ ਓਂਕਾਰ ਸਿੰਘ ਔਲਖ, ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ ਅਤੇ ਮੁੱਖ ਬੁਲਾਰੇ ਯੋਗੇਸ਼ ਢੀਂਗਰਾ ਸ਼ਾਮਲ ਸਨ।
‘ਆਪ’ ਦੀ ਸ਼ਿਕਾਇਤ ਅਨੁਸਾਰ 30 ਜਨਵਰੀ, 2024 ਨੂੰ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਕਾਂਗਰਸ-ਆਪ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਦੀਆਂ 8 ਵੋਟਾਂ ਗ਼ੈਰ-ਕਾਨੂੰਨੀ ਕਰਾਰ ਦੇ ਕੇ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ 20 ਫ਼ਰਵਰੀ 2024 ਨੂੰ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਵੀਡੀਓ ਰਿਕਾਰਡਿੰਗ ਦੀ ਜਾਂਚ ਕੀਤੀ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੇ ਆਚਰਣ ’ਤੇ ਸਖ਼ਤ ਟਿੱਪਣੀਆਂ ਕੀਤੀਆਂ ਸਨ। ਚੋਣਾਂ ਤੋਂ ਅਗਲੇ ਦਿਨ ਭਾਵ 31 ਜਨਵਰੀ 2024 ਨੂੰ ਸੈਕਟਰ-17 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਹੁਣ ਡੀ ਜੀ ਪੀ ਨੂੰ ਸੌਂਪੇ ਗਏ ਨਵੇਂ ਪੱਤਰ ਵਿੱਚ ਸੁਪਰੀਮ ਕੋਰਟ ਦੇ ਇਸੇ ਫ਼ੈਸਲੇ, ਪੁਰਾਣੀ ਸ਼ਿਕਾਇਤ ਅਤੇ ਉਪਲਬਧ ਸਬੂਤਾਂ ਦੇ ਆਧਾਰ ’ਤੇ ਬੈਲਟ ਪੇਪਰਾਂ ਨਾਲ ਛੇੜਛਾੜ ਅਤੇ ਗੜਬੜੀਆਂ ਦੀ ਅਪਰਾਧਿਕ ਜਾਂਚ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

