DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਹਾਲੀ ਨਿਗਮ ਚੋਣਾਂ ’ਚ ‘ਆਪ’ ਨੂੰ 31,739 ਵੋਟਾਂ ਮਿਲੀਆਂ

ਕਾਂਗਰਸ ਨੂੰ 26,712 ਵੋਟਾਂ ਪਈਆਂ: 50 ਜੇਤੂਆਂ ’ਚ 27 ਮਹਿਲਾ ਕੌਂਸਲਰ

  • fb
  • twitter
  • whatsapp
  • whatsapp
Advertisement

ਮੁਹਾਲੀ ਨਗਰ ਨਿਗਮ ਦੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ 31,739 ਵੋਟਾਂ ਮਿਲੀਆਂ ਹਨ। ਨਿਗਮ ਦੇ 50 ਵਾਰਡਾਂ ਵਿਚੋਂ 27 ਵਾਰਡਾਂ ਤੇ ਜਿੱਤ ਦਰਜ ਕਰਕੇ ‘‘ਆਪ’’ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਕਾਂਗਰਸ ਪਾਰਟੀ ਨੂੰ 26,712 ਵੋਟਰਾਂ ਨੇ ਵੋਟ ਪਾਈ ਅਤੇ ਪਾਰਟੀ ਦੇ 12 ਉਮੀਦਵਾਰ ਚੋਣ ਜਿੱਤੇ। ਭਾਜਪਾ ਨੂੰ 15,804 ਵੋਟਰਾਂ ਨੇ ਵੋਟ ਪਾਈ ਪਰ ਉਸ ਦੇ ਸਿਰਫ਼ ਤਿੰਨ ਉਮੀਦਵਾਰ ਹੀ ਚੋਣ ਜਿੱਤ ਸਕੇ, ਜਦੋਂ ਕਿ ਅਕਾਲੀ ਦਲ 9302 ਵੋਟਾਂ ਹਾਸਲ ਕਰ ਕੇ ਵੀ ਚਾਰ ਉਮੀਦਵਾਰ ਜਿਤਾਉਣ ਵਿਚ ਸਫ਼ਲ ਰਿਹਾ। ‘ਆਪ’ ਨੇ ਸਾਰੀਆਂ 50 ਸੀਟਾਂ ਉੱਤੇ, ਕਾਂਗਰਸ ਨੇ 49, ਭਾਜਪਾ ਨੇ 46 ਅਤੇ ਅਕਾਲੀ ਦਲ ਨੇ 37 ਸੀਟਾਂ ਉੱਤੇ ਚੋਣ ਲੜੀ ਸੀ।

ਇਸੇ ਤਰ੍ਹਾਂ ਚੋਣ ਮੈਦਾਨ ਵਿਚ ਨਿੱਤਰੇ 45 ਆਜ਼ਾਦ ਉਮੀਦਵਾਰਾਂ ਨੂੰ 9839 ਵੋਟਾਂ ਮਿਲੀਆਂ ਅਤੇ ਚਾਰ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ, ਸਾਬਕਾ ਕੌਂਸਲਰ ਕੁਲਦੀਪ ਕੌਰ ਧਨੋਆ, ਉਪਿੰਦਰਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਮਟੌਰ ਚੋਣ ਜਿੱਤਣ ਵਿਚ ਸਫ਼ਲ ਰਹੇ। ਸ਼ਹਿਰ ਦੇ 701 ਵੋਟਰਾਂ ਨੇ ਨੋਟਾ ’ਤੇ ਮੋਹਰ ਲਾਈ ਅਤੇ ਬੈਲੇਟ ਪੇਪਰਾਂ ਰਾਹੀਂ ਪਈਆਂ ਚੋਣਾਂ ਵਿਚ ਹਾਈਟੈੱਕ ਸ਼ਹਿਰ ਦੇ 2,111 ਵੋਟਰਾਂ ਦੀਆਂ ਵੋਟਾਂ ਰੱਦ ਹੋਈਆਂ। ਵਾਰਡ ਨੰਬਰ 49 ਵਿਚ ਸਭ ਤੋਂ ਵੱਧ 298 ਅਤੇ ਵਾਰਡ ਨੰਬਰ ਇੱਕ ’ਚ 245 ਵੋਟਾਂ ਰੱਦ ਕੀਤੀਆਂ ਗਈਆਂ। ਮੁਹਾਲੀ ਨਿਗਮ ਲਈ 1,75,357 ਵੋਟਰਾਂ ਵਿੱਚੋਂ 96,208 ਵੋਟਰਾਂ ਨੇ 184 ਪੋਲਿੰਗ ਬੂਥਾਂ ਉੱਤੇ ਆਪਣੀ ਵੋਟ ਦੀ ਵਰਤੋਂ ਕੀਤੀ ਸੀ। ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਹਾਸਿਲ ਹੋਣ ਤੋਂ ਬਾਅਦ ਨਿਗਮ ਦੇ ਮੇਅਰ ਦੀ ਕੁਰਸੀ ਉੱਤੇ ਦਾਅਵੇਦਾਰੀ ਆਰੰਭ ਹੋ ਗਈ। ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ, ਜਿਹੜੇ ਕਿ ਦੂਜੀ ਵਾਰ ਕੌਂਸਲਰ ਬਣੇ ਹਨ ਦਾ ਨਾਂ ਉੱਭਰ ਕੇ ਸਾਹਮਣੇ ਆਇਆ ਹੈ। ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਮੇਅਰ ਲਈ ਪ੍ਰਮੁੱਖ ਦਾਅਵੇਦਾਰ ਹਨ। ‘ਆਪ’ ਦੇ ਵਾਰਡ ਨੰਬਰ 34 ਤੋਂ ਚੋਣ ਜਿੱਤੇ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਸੀਨੀਆਰਤਾ ਪੱਖੋਂ ਸਭ ਤੋਂ ਉੱਪਰ ਹਨ। ਉਹ ਚੌਥੀ ਵਾਰ ਕੌਂਸਲਰ ਬਣੇ ਹਨ। ਮਹਿਲਾ ਮੇਅਰ ਬਣਨ ਦੀ ਸੂਰਤ ’ਚ ਅਰੁਣਾ ਸ਼ਰਮਾ, ਰਮਨਦੀਪ ਕੌਰ ਕੁੰਭੜਾ, ਗੁਰਪ੍ਰੀਤ ਕੌਰ ਮਟੌਰ ਤੇ ਵੀ ਗੁਣਾ ਪੈ ਸਕਦਾ ਹੈ।

Advertisement

Advertisement
Advertisement
×