‘ਆਪ’ ਨੇ ਖੇਡਾਂ ਦਾ ਬੁਨਿਆਦੀ ਢਾਂਚਾ ਤਬਾਹ ਕੀਤਾ: ਬੈਦਵਾਨ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਜੂਨ
ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਪਿਛਲੀ ਅਕਾਲੀ ਸਰਕਾਰ ਸਮੇਂ ਮੁਹਾਲੀ ਵਿੱਚ ਸਥਾਪਿਤ ਕੀਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮੌਜੂਦਾ ‘ਆਪ’ ਸਰਕਾਰ ਵੱਲੋਂ ਤਬਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਖੇਡ ਸਟੇਡੀਅਮ ਸਰਕਾਰੀ ਅਣਦੇਖੀ ਦਾ ਸ਼ਿਕਾਰ ਹਨ, ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਕਾਲੀ ਆਗੂ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੱਸਿਆ ਕਿ ਅਕਾਲੀ ਸਰਕਾਰ ਨੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਨਰੋਆ ਰੱਖਣ ਲਈ ਮੁਹਾਲੀ ਵਿੱਚ 9 ਖੇਡ ਸਟੇਡੀਅਮ ਬਣਾਏ ਗਏ ਸਨ, ਇਨ੍ਹਾਂ ’ਚੋਂ ਫੇਜ਼-9 ਤੇ ਸੈਕਟਰ-78 ਵਾਲੇ ਸਟੇਡੀਅਮ ਸਿੱਧਾ ਖੇਡ ਵਿਭਾਗ ਨੂੰ ਸੌਂਪੇ ਗਏ ਸਨ ਪਰ ‘ਆਪ’ ਸਰਕਾਰ ਦੀ ਅਣਗਹਿਲੀ ਕਾਰਨ ਅੱਜ ਇਹ ਸਟੇਡੀਅਮ ਤਬਾਹੀ ਦੇ ਕੰਢੇ ’ਤੇ ਖੜ੍ਹੇ ਹਨ। ਖੇਡ ਸਟੇਡੀਅਮ ਫੇਜ਼-9 ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਅਕਾਲੀ ਆਗੂ ਨੇ ਦੱਸਿਆ ਕਿ ਇੱਥੇ ਲੱਖਾਂ ਰੁਪਏ ਖ਼ਰਚ ਕੇ ਆਲ ਵੈਦਰ (ਸਾਰੇ ਮੌਸਮਾਂ ਲਈ) ਓਲੰਪਿਕਸ ਸਟੈਂਡਰਡ ਵਾਲਾ ਸਵਿਮਿੰਗ ਪੂਲ ਬਣਾਇਆ ਗਿਆ ਸੀ ਅਤੇ ਸੋਲਰ ਪੈਨਲ ਲਗਾਏ ਗਏ ਸਨ। ਅੱਜ ਇਹ ਸਾਰੇ ਪੈਨਲ ਖ਼ਰਾਬ ਹੋ ਚੁੱਕੇ ਹਨ ਅਤੇ ਇਨ੍ਹਾਂ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਪ੍ਰਣਾਲੀ ਠੱਪ ਪਈ ਹੈ, ਦਰਵਾਜ਼ੇ ਟੁੱਟੇ ਹੋਏ ਹਨ ਅਤੇ ਆਲੇ-ਦੁਆਲੇ ਜੰਗਲ ਬਣ ਗਿਆ ਹੈ।
ਸੁਧਾਰ ਲਈ ਯਤਨ ਜਾਰੀ: ਅਧਿਕਾਰੀ
ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਨੇ ਦੱਸਿਆ ਕਿ ਮੁਹਾਲੀ ਦੇ ਖੇਡ ਸਟੇਡੀਅਮਾਂ ਵਿੱਚ ਪੁਰਾਣੇ ਸੋਲਰ ਸਿਸਟਮ ਲੱਗੇ ਹੋਏ ਹਨ। ਫੇਜ਼-9 ਸਟੇਡੀਅਮ ਦੇ ਪਿਛਲੇ ਪਾਸਿਓਂ ਗੰਦਾ ਨਾਲ ਲੰਘਦਾ ਹੈ, ਇਹ ਸਾਰਾ ਏਰੀਆ ਖੁੱਲ੍ਹਾ ਹੈ ਜਿਸ ਕਾਰਨ ਚੋਰੀਆਂ ਵੀ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮਾਂ ਵਿੱਚ ਨਵੇਂ ਸੋਲਰ ਪੈਨਲ ਲਗਾਉਣ ਅਤੇ ਹਾਲਤ ਸੁਧਾਰਨ ਲਈ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਸਟੇਡੀਅਮਾਂ ਵਿੱਚ ਨਵੇਂ ਟਰੈਕ ਬਣਾਏ ਜਾ ਰਹੇ ਹਨ।