DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

AAP attacks BJP: ‘ਆਪ’ ਵੱਲੋਂ ਭਾਜਪਾ ’ਤੇ ਪੰਜਾਬ ਨੂੰ ਨਸ਼ਿਆਂ ਤੇ ਗੈਂਗਸਟਰਾਂ ਦਾ ਕੇਂਦਰ ਬਣਾਉਣ ਦੇ ਦੋਸ਼

ਕੇਂਦਰ ਸਰਕਾਰ ਗੁਜਰਾਤ ਦੀ ਜੇਲ੍ਹ ’ਚ ਬੰਦ ਗੈਂਗਸਟਰ ਨੂੰ ਨਸ਼ਾ ਤਸਕਰੀ ਕਰਨ ਦੀ ਦੇ ਰਹੀ ਹੈ ਖੁੱਲ੍ਹ : ਡਾ. ਬਲਬੀਰ ਸਿੰਘ

  • fb
  • twitter
  • whatsapp
  • whatsapp
featured-img featured-img
ਸਿਹਤ ਮੰਤਰੀ ਡਾ.ਬਲਬੀਰ ਸਿੰਘ ਫਾਈਲ ਫੋਟੋ।
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਨੇ ਕੇਂਦਰ ’ਤੇ ਪੰਜਾਬ ਨਾਲ ਜਾਣਬੁੱਝ ਕੇ ਵਿਤਕਰਾ ਕਰਨ ਅਤੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਇੱਕ ਨਾਮੀ ਗੈਂਗਸਟਰ ਨੂੰ ਪੰਜਾਬ ਵਿੱਚ ਨਸ਼ਾ ਨੈੱਟਵਰਕ ਚਲਾਉਣ ਦੀ ਖੁੱਲ੍ਹ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ’ਤੇ ਪੰਜਾਬ ਨੂੰ ਹਥਿਆਰਾਂ ਅਤੇ ਨਸ਼ਿਆਂ ਦਾ ‘ਡੰਪਿੰਗ ਗਰਾਊਂਡ’ ਬਣਾਉਣ ਦੇ ਰਾਹ ਪੈਣ ਦੇ ਵੀ ਇਲਜ਼ਾਮ ਲਾਏ ਗਏ ਹਨ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅਤੇ ਇੱਥੋਂ ਦੀ ਜਵਾਨੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੌਮਾਂਤਰੀ ਸਰਹੱਦ ਪਾਰੋਂ ਤਸਕਰੀ ਕੀਤੇ ਜਾਣ ਵਾਲੇ ਨਸ਼ਿਆਂ ਦਾ 80 ਫੀਸਦੀ ਹਿੱਸਾ ਪੰਜਾਬ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਸੂਬੇ ਵਿੱਚ ਆਈਸ (ICE) ਅਤੇ ਕੋਕੀਨ ਵਰਗੇ ਨਵੇਂ ਅਤੇ ਘਾਤਕ ਨਸ਼ਿਆਂ ਦੀ ਆਮਦ ਵਧ ਗਈ ਹੈ।

Advertisement

ਉਨ੍ਹਾਂ ਸਵਾਲ ਉਠਾਇਆ ਕਿ ਸਰਹੱਦ ਅਤੇ ਉਸ ਦੇ ਅੰਦਰਲਾ 50 ਕਿਲੋਮੀਟਰ ਦਾ ਘੇਰਾ ਕੇਂਦਰ ਦੀ ਸੁਰੱਖਿਆ ਹੇਠ ਹੈ, ਫਿਰ ਵੀ ਡਰੋਨਾਂ ਰਾਹੀਂ ਨਸ਼ੇ ਅਤੇ ਹਥਿਆਰ ਕਿਵੇਂ ਆ ਰਹੇ ਹਨ? ਕੇਂਦਰ ਕੋਲ ਇਨ੍ਹਾਂ ਡਰੋਨਾਂ ਨੂੰ ਰੋਕਣ ਦੀ ਤਕਨੀਕ ਹੈ, ਜਿਸ ਦੀ ਵਰਤੋਂ ਅਪਰੇਸ਼ਨ ਸਿੰਧੂਰ ਦੌਰਾਨ ਕੀਤੀ ਗਈ ਸੀ, ਪਰ ਹੁਣ ਇਸ ਨੂੰ ਕਿਉਂ ਨਹੀਂ ਵਰਤਿਆ ਜਾ ਰਿਹਾ।

Advertisement

ਸਿਹਤ ਮੰਤਰੀ ਨੇ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਵੱਲੋਂ ਪੰਜਾਬੀ ਗੈਂਗਸਟਰਾਂ ਅਤੇ ਉਨ੍ਹਾਂ ਦੇ ਕਾਰਟੇਲ ਬਾਰੇ ਕੀਤੇ ਖੁਲਾਸਿਆਂ ਦਾ ਹਵਾਲਾ ਦਿੰਦਿਆਂ (ਬਿਨਾਂ ਨਾਂ ਲਏ ਲਾਰੈਂਸ ਬਿਸ਼ਨੋਈ ਵੱਲ ਇਸ਼ਾਰਾ ਕਰਦਿਆਂ) ਕਿਹਾ ਕਿ ‘ਡਬਲ ਇੰਜਣ’ ਸਰਕਾਰ ਵਾਲੇ ਰਾਜ ਦੀ ਸਾਬਰਮਤੀ ਜੇਲ੍ਹ ਵਿੱਚ ਬੈਠਾ ਵਿਅਕਤੀ ਅੱਜ ਵਿਸ਼ਵ ਪੱਧਰੀ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਹੈ। ਉਨ੍ਹਾਂ ਕੇਂਦਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਨਸ਼ਾ ਮੁਕਤੀ ਚਾਹੁੰਦੇ ਹਨ ਤਾਂ ਇਸ ਗੈਂਗਸਟਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਭੇਜਿਆ ਜਾਵੇ, ਜਿੱਥੇ ਪੰਜਾਬ ਸਰਕਾਰ ਨਾ ਸਿਰਫ਼ ਉਸ ਦਾ ਇਲਾਜ ਕਰੇਗੀ ਬਲਕਿ ਉਸ ਨੂੰ ਸੁਧਾਰੇਗੀ ਵੀ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਪਟਿਆਲਾ ਵਿੱਚ ਮੱਧ ਪ੍ਰਦੇਸ਼ (ਜੋ ਕਿ ਇੱਕ ਹੋਰ ਡਬਲ ਇੰਜਣ ਵਾਲਾ ਰਾਜ ਹੈ) ਤੋਂ ਹਥਿਆਰਾਂ ਦੀ ਖੇਪ ਪਹੁੰਚੀ ਹੈ, ਜੋ ਸਿੱਧ ਕਰਦੀ ਹੈ ਕਿ ਹਥਿਆਰਾਂ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ।

ਪੰਜਾਬ ਨਾਲ ਹੋ ਰਹੇ ਵਿਤਕਰੇ ਦਾ ਇੱਕ ਹੋਰ ਸਬੂਤ ਪੇਸ਼ ਕਰਦਿਆਂ ਡਾ. ਬਲਬੀਰ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸੂਬੇ ਦੀ ਫਲੈਗਸ਼ਿਪ ਸਿਹਤ ਬੀਮਾ ਯੋਜਨਾ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿੱਚ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ, ਜਦੋਂਕਿ ਪੀ.ਜੀ.ਆਈ. ਵਰਗਾ ਵੱਡਾ ਪ੍ਰੋਜੈਕਟ ਦਹਾਕਿਆਂ ਪਹਿਲਾਂ ਖ਼ਾਸ ਤੌਰ ’ਤੇ ਪੰਜਾਬ ਲਈ ਹੀ ਸਥਾਪਿਤ ਕੀਤਾ ਗਿਆ ਸੀ।

ਕੇਂਦਰ ਦੀ ਬੇਰੁਖ਼ੀ ਦੇ ਬਾਵਜੂਦ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ, ਸਿਹਤ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਵਿਭਾਗ ਮਿਲ ਕੇ ਕੰਮ ਕਰ ਰਹੇ ਹਨ। ਲੋਕਾਂ ਦੇ ਸਹਿਯੋਗ ਨਾਲ ਹੁਣ ਤੱਕ ਨਸ਼ਾ ਤਸਕਰਾਂ ਬਾਰੇ 45,000 ਗੁਪਤ ਸੂਚਨਾਵਾਂ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ 22,800 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਰਿਕਾਰਡ 6,608 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ, ਜਦੋਂਕਿ ਕਾਂਗਰਸ ਰਾਜ ਦੌਰਾਨ ਇਹ ਅੰਕੜਾ 2,412 ਕਿਲੋਗ੍ਰਾਮ ਅਤੇ ਅਕਾਲੀ-ਭਾਜਪਾ ਗਠਜੋੜ ਦੌਰਾਨ 2,817 ਕਿਲੋਗ੍ਰਾਮ ਸੀ।

Advertisement
×