ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਕੁਰਾਲੀ ਨੇੜਲੇ ਪਿੰਡ ਫਤਿਹਗੜ੍ਹ ਦੇ ਪੈਲੇਸ ਵਿੱਚ ਹਲਕਾ ਪੱਧਰੀ ਇਕੱਠ ’ਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ‘ਆਪ’ ਤੇ ਕਾਂਗਰਸ ਪੂਰੀ ਤਰ੍ਹਾਂ ਘਬਰਾਈਆਂ ਹੋਈਆਂ ਹਨ।
ਭਾਜਪਾ ਆਗੂ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਨੇ ਹਮੇਸ਼ਾਂ ਗਰੀਬ, ਮਜ਼ਦੂਰ ਅਤੇ ਕਿਸਾਨਾਂ ਦੇ ਹੱਕਾਂ ਤੇ ਹਿਤਾਂ ਦੀ ਗੱਲ ਕੀਤੀ ਹੈ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਗਰੀਬ ਦਾ ਚੁੱਲ੍ਹਾ ਠੰਢਾ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਹਰ ਯੋਜਨਾ ਦਾ ਕੇਂਦਰ ਬਿੰਦੂ ਗਰੀਬ ਦੀ ਭਲਾਈ ਹੈ ਜਦਕਿ ਪਰ ਪੰਜਾਬ ਸਰਕਾਰ ਸਿਰਫ਼ ਝੂਠੇ ਦਾਅਵੇ ਕਰ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਗਨਰੇਗਾ ਦੀ ਥਾਂ ‘ਜੀ-ਰਾਮ-ਜੀ’ ਦੇ ਆਉਣ ਨਾਲ ਭ੍ਰਿਸ਼ਟਾਚਾਰ ’ਤੇ ਸੱਟ ਵੱਜੀ ਹੈ ਤੇ ਮਜ਼ਦੂਰਾਂ ਦੀ ਦਿਹਾੜੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਹਰ ਮੁਹਾਜ਼ ’ਤੇ ਫੇਲ੍ਹ ਹੋਈ ਹੈ ਅਤੇ ਪੰਜਾਬ ’ਚ ਗੈਂਗਸਟਵਾਦ, ਰਿਸ਼ਵਤਖੋਰੀ ਤੇ ਅਰਾਜਕਤਾ ਸਿਖਰਾਂ ’ਤੇ ਹੈ। ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਪਾਰਟੀ ਪ੍ਰਧਾਨ ਤੇ ਹੋਰ ਆਗੂਆਂ ਦਾ ਸਵਾਗਤ ਕੀਤਾ ਤੇ ਸਨਮਾਨ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ, ਸੂਬਾ ਸਕੱਤਰ ਭਾਨੂ ਪ੍ਰਤਾਪ, ਸੂਬਾ ਮੀਡੀਆ ਇੰਚਾਰਜ਼ ਵਿਨੀਤ ਜੋਸ਼ੀ, ਸੂਬਾ ਲੀਗਲ ਸੈੱਲ ਦੇ ਕਨਵੀਨਰ ਐਨ. ਕੇ. ਵਰਮਾ, ਬੀਬੀ ਅਮਨਜੋਤ ਕੌਰ ਰਾਮੂਵਾਲੀਆ ਆਦਿ ਹਾਜ਼ਰ ਸਨ।

