Aam Aadmi Party: ‘ਆਪ’ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ
ਚੰਡੀਗੜ੍ਹ ਦੀ ਸਬਜ਼ੀ ਮੰਡੀ ਅਤੇ ਅਨਾਜ ਮੰਡੀ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਜਾਣਨ ਲਈ ‘ਆਪ’ ਨੇ ਅੱਜ ਸੈਕਟਰ 26 ਸਥਿਤ ਸਤਿਸੰਗ ਭਵਨ ਵਿੱਚ ਮੀਟਿੰਗ ਕੀਤੀ। ‘ਆਪ’ ਆਗੂ ਵਿਨੀਤ ਵਰਮਾ, ਟਰੇਡ ਵਿੰਗ ਦੇ ਉਪ ਪ੍ਰਧਾਨ ਤਰਸੇਮ ਮਿੱਤਲ ਅਤੇ ਜਨਰਲ ਸਕੱਤਰ ਵਿਕਰਾਂਤ ਏ...
ਚੰਡੀਗੜ੍ਹ ਦੀ ਸਬਜ਼ੀ ਮੰਡੀ ਅਤੇ ਅਨਾਜ ਮੰਡੀ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਜਾਣਨ ਲਈ ‘ਆਪ’ ਨੇ ਅੱਜ ਸੈਕਟਰ 26 ਸਥਿਤ ਸਤਿਸੰਗ ਭਵਨ ਵਿੱਚ ਮੀਟਿੰਗ ਕੀਤੀ। ‘ਆਪ’ ਆਗੂ ਵਿਨੀਤ ਵਰਮਾ, ਟਰੇਡ ਵਿੰਗ ਦੇ ਉਪ ਪ੍ਰਧਾਨ ਤਰਸੇਮ ਮਿੱਤਲ ਅਤੇ ਜਨਰਲ ਸਕੱਤਰ ਵਿਕਰਾਂਤ ਏ ਤੰਵਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ।
ਵਪਾਰੀਆਂ ਨੇ ਦੱਸਿਆ ਕਿ ਮੰਡੀ ਵਿੱਚ ਢੁਕਵੀਂ ਪਾਰਕਿੰਗ ਦੀ ਵਿਵਸਥਾ ਨਹੀਂ ਹੈ, ਲੋਡਿੰਗ-ਅਨਲੋਡਿੰਗ ਲਈ ਲੋੜੀਂਦੀ ਜਗ੍ਹਾ ਨਹੀਂ ਹੈ, ਗੰਦਗੀ ਅਤੇ ਕੂੜੇ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਸੁਣਵਾਈ ਨਾ ਹੋਣ ਕਾਰਨ ਉਹ ਇਸੇ ਮਾਹੌਲ ਵਿੱਚ ਕਾਰੋਬਾਰ ਕਰਨ ਲਈ ਮਜਬੂਰ ਹਨ। ‘ਆਪ’ ਆਗੂਆਂ ਨੇ ਭਾਜਪਾ ਸਰਕਾਰ ’ਤੇ ਮੰਡੀ ਵਪਾਰੀਆਂ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਾਲਾਂ ਤੋਂ ਸੱਤਾ ਵਿੱਚ ਹੋਣ ਦੇ ਬਾਵਜੂਦ ਭਾਜਪਾ ਮੰਡੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੀ। ‘ਆਪ’ ਆਗੂਆਂ ਨੇ ਕਿਹਾ ਕਿ ਸਰਕਾਰ ਵਿਕਾਸ ਅਤੇ ਆਧੁਨਿਕ ਚੰਡੀਗੜ੍ਹ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਮੰਡੀ ਦੇ ਵਪਾਰੀ ਅੱਜ ਵੀ ਪਾਰਕਿੰਗ, ਸਫ਼ਾਈ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ।
‘ਆਪ’ ਆਗੂਆਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਉਨ੍ਹਾਂ ਦੇ ਮੁੱਖ ਮੁੱਦਿਆਂ ਨੂੰ ਸ਼ਾਮਲ ਕਰ ਕੇ ਮੰਗ ਪੱਤਰ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਵਪਾਰੀਆਂ ਵੱਲੋਂ ਰੱਖੇ ਮੁੱਦਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਦੇ ਸਾਹਮਣੇ ਮਜ਼ਬੂਤੀ ਨਾਲ ਰੱਖਿਆ ਜਾਵੇਗਾ।
ਟਰੇਡ ਵਿੰਗ ਦੇ ਉਪ ਪ੍ਰਧਾਨ ਤਰਸੇਮ ਮਿੱਤਲ ਨੇ ਕਿਹਾ ਕਿ ਵਪਾਰੀ ਕਿਸੇ ਖਾਸ ਸਹੂਲਤ ਦੀ ਮੰਗ ਨਹੀਂ ਕਰ ਰਹੇ, ਸਗੋਂ ਆਪਣਾ ਕਾਰੋਬਾਰ ਇੱਜ਼ਤ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਬੁਨਿਆਦੀ ਸਹੂਲਤਾਂ ਦੀ ਮੰਗ ਕਰ ਰਹੇ ਹਨ। ਜਨਰਲ ਸਕੱਤਰ ਵਿਕਰਾਂਤ ਏ. ਤੰਵਰ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਅਸਲ ਤਸਵੀਰ ਮੰਡੀ ਵਿੱਚ ਨਜ਼ਰ ਆਉਂਦੀ ਹੈ।

