ਇੱਕੋ ਥੱਪੜ ਨੇ ਖੋਹ ਲਈ ਕੰਨ ਦੀ ਸੁਣਨ ਸ਼ਕਤੀ; ਹੁਣ 17 ਫੀਸਦ ਬੋਲੇ ਹੋਏ ਪੀੜਤ ਨੂੰ ਅਦਾਲਤ ਦਵਾਏਗੀ 20,000 ਰੁਪਏ ਦਾ ਮੁਆਵਜ਼ਾ
ਦਰੀਆ ਪੁਲੀਸ ਚੌਕੀ ’ਚ ਹੋਈ ਸੀ ਘਟਨਾ; ਡਾਕਟਰੀ ਜਾਂਚ ’ਚ ਸੱਟ ਗੰਭੀਰ ਸਿੱਧ ਹੋਣ ’ਤੇ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਪੀੜਤ ਨੂੰ ਮੁਆਵਜ਼ਾ ਦੇਣ ਲਈ ਕਿਹਾ
ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਪੁਲੀਸ ਚੌਕੀ ਦੇ ਅੰਦਰ ਇੱਕ ਵਿਅਕਤੀ ਨੂੰ ਥੱਪੜ ਮਾਰ ਕੇ ਉਸ ਦੇ ਕੰਨ ਦੀ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਦੋਸ਼ੀ ਇਫ਼ਤੇਕਾਰ ਅਹਿਮਦ ਨੂੰ ਹੁਕਮ ਦਿੱਤਾ ਹੈ ਕਿ ਉਹ ਪੀੜਤ 49 ਸਾਲਾ ਮੁਹੰਮਦ ਹਸੀਨ ਕੁਰੈਸ਼ੀ (ਵਾਸੀ ਪਿੰਡ ਦਰੀਆ, ਚੰਡੀਗੜ੍ਹ) ਨੂੰ 20,000 ਰੁਪਏ ਦਾ ਮੁਆਵਜ਼ਾ ਅਦਾ ਕਰੇ। ਥੱਪੜ ਲੱਗਣ ਕਾਰਨ ਪੀੜਤ ਦੇ ਕੰਨ ਦੀ ਸੁਣਨ ਦੀ ਸਮਰੱਥਾ 17 ਫੀਸਦ ਘੱਟ ਗਈ ਸੀ।
ਕੀ ਸੀ ਪੂਰਾ ਮਾਮਲਾ?
ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ, 3 ਮਾਰਚ 2025 ਨੂੰ ਪੀੜਤ ਮੁਹੰਮਦ ਹਸੀਨ ਕੁਰੈਸ਼ੀ ਕਿਸੇ ਹੋਰ ਮਾਮਲੇ ਦੇ ਸਬੰਧ ਵਿੱਚ ਦੋਸ਼ੀ ਇਫ਼ਤੇਕਾਰ ਅਹਿਮਦ ਨਾਲ ਪੁਲੀਸ ਚੌਕੀ ਦਰੀਆ ਗਿਆ ਸੀ। ਉੱਥੇ ਕਿਸੇ ਗੱਲ ’ਤੇ ਹੋਈ ਬਹਿਸ ਤੋਂ ਬਾਅਦ ਦੋਸ਼ੀ ਨੇ ਕੁਰੈਸ਼ੀ ਦੇ ਖੱਬੇ ਕੰਨ ’ਤੇ ਜ਼ੋਰਦਾਰ ਥੱਪੜ ਮਾਰ ਦਿੱਤਾ, ਜਿਸ ਨਾਲ ਉਸ ਨੂੰ ਸੁਣਨ ਵਿੱਚ ਤਕਲੀਫ਼ ਹੋਣ ਲੱਗੀ।
ਪੀੜਤ ਨੂੰ ਤੁਰੰਤ ਸਿਵਲ ਹਸਪਤਾਲ ਮਨੀਮਾਜਰਾ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH), ਸੈਕਟਰ 32, ਚੰਡੀਗੜ੍ਹ ਦੇ ENT ਵਿਭਾਗ ਵਿੱਚ ਰੈਫ਼ਰ ਕਰ ਦਿੱਤਾ ਗਿਆ। 8 ਅਪਰੈਲ 2025 ਨੂੰ ਆਈ ਅੰਤਿਮ ਮੈਡੀਕਲ ਰਿਪੋਰਟ ਵਿੱਚ ਡਾਕਟਰਾਂ ਨੇ ਸੱਟ ਨੂੰ ‘ਗੰਭੀਰ’ (Grievous Injury) ਦੱਸਿਆ ਅਤੇ ਪੀੜਤ ਦੀ ਸੁਣਨ ਸ਼ਕਤੀ ਵਿੱਚ 17% ਤੱਕ ਦਾ ਸਥਾਈ ਨੁਕਸਾਨ ਹੋਣ ਦੀ ਪੁਸ਼ਟੀ ਕੀਤੀ।
ਪੁਲੀਸ ਕਾਰਵਾਈ ਤੇ ਅਦਾਲਤੀ ਫ਼ੈਸਲਾ
ਮੈਡੀਕਲ ਰਿਪੋਰਟ ਦੇ ਆਧਾਰ ’ਤੇ ਇੰਡਸਟ੍ਰੀਅਲ ਏਰੀਆ ਥਾਣਾ ਪੁਲੀਸ ਨੇ 12 ਅਪਰੈਲ 2025 ਨੂੰ ਇਫ਼ਤੇਕਾਰ ਅਹਿਮਦ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ।
ਅਦਾਲਤ ਨੇ ਭਾਰਤੀ ਨਿਆਂ ਸੰਹਿਤਾ (BNS), 2023 ਦੀ ਧਾਰਾ 117(2) ਤਹਿਤ ਦੋਸ਼ ਆਇਦ ਕੀਤੇ। ਸਰਕਾਰੀ ਵਕੀਲ ਨੇ ਡਾਕਟਰੀ ਰਿਪੋਰਟਾਂ ਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਮਾਮਲਾ ਸਿੱਧ ਕੀਤਾ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਫ਼ਤੇਕਾਰ ਅਹਿਮਦ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਦੋਸ਼ੀ ਨੂੰ ਪ੍ਰੋਬੇਸ਼ਨ ’ਤੇ ਰਿਹਾਅ ਕਰਨ ਦਾ ਹੁਕਮ ਦਿੰਦਿਆਂ ਪੀੜਤ ਮੁਹੰਮਦ ਹਸੀਨ ਕੁਰੈਸ਼ੀ ਨੂੰ ਹਰਜਾਨੇ ਵਜੋਂ 20,000 ਰੁਪਏ ਭਰਨ ਦੇ ਨਿਰਦੇਸ਼ ਦਿੱਤੇ।

