ਮੁਲਾਜ਼ਮ ਆਗੂ Sukhchain Khaira ਦੀ ਜੁਆਇਨਿੰਗ ਮੌਕੇ ਹੋਇਆ ਵੱਡਾ ਇਕੱਠ; ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਖਹਿਰਾ ਨੇ ਵਿੱਤ ਅਤੇ ਯੋਜਨਾ ਭਵਨ ਵਿਖੇ ਅਹੁਦਾ ਸੰਭਾਲਿਆ
ਪੰਜਾਬ ਸਰਕਾਰ ਵੱਲੋਂ ਪੰਜਾਬ ਸਿਵਲ ਸਕੱਤਰੇਤ ਤੋਂ ਕੀਤੀ ਗਈ ਬਦਲੀ ਉਪਰੰਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਸੈਕਟਰ 33 ਸਥਿਤ ਵਿੱਤ ਅਤੇ ਯੋਜਨਾ ਭਵਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਮੁਲਾਜ਼ਮ ਆਗੂ ਦੀ ਜੁਆਇਨਿੰਗ ਮੌਕੇ ਸਾਂਝਾ ਮੁਲਾਜ਼ਮ ਮੰਚ ਚੰਡੀਗੜ੍ਹ ਯੂਨਿਟ ਦੇ ਸੱਦੇ 'ਤੇ ਅੱਜ ਸੈਕਟਰ-33 ਵਿੱਤ ਅਤੇ ਯੋਜਨਾ ਭਵਨ ਵਿਖੇ ਯੂਨਿਟ ਦੇ ਕਨਵੀਨਰ ਦਵਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ ਦਾ ਵੱਡਾ ਇਕੱਠ ਇੱਕ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਸ ਬਦਲੀ ਨੂੰ ਪੰਜਾਬ ਸਰਕਾਰ ਦੀ ਬੁਖਲਾਹਟ ਦੱਸਿਆ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰ ਮੁਲਾਜ਼ਮਾਂ ਦੇ ਸੰਘਰਸ਼ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ।
ਉੱਥੇ ਹੀ ਸੁਖਚੈਨ ਸਿੰਘ ਖਹਿਰਾ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਜਿਹੜਾ ਉਨ੍ਹਾਂ ਦੀ ਬਦਲੀ ਕਰਕੇ ਸਰਕਾਰ ਨੇ ਉਨ੍ਹਾਂ ਦਾ ਕੰਮ ਹੋਰ ਸੌਖਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਅਗਲੇ ਤਿੱਖੇ ਸੰਘਰਸ਼ਾਂ ਦੀ ਰੂਪਰੇਖਾ ਆਸਾਨੀ ਨਾਲ ਤਿਆਰ ਕਰ ਸਕਣਗੇ।

