ਪੱਤਰ ਪ੍ਰੇਰਕ
ਚੰਡੀਗੜ੍ਹ, 10 ਅਗਸਤ
ਸਿਟੀ ਬਿਊਟੀਫੁੱਲ ਵਿੱਚ ਕਰੋਨਾ ਦੇ ਅੱਜ 80 ਹੋਰ ਮਰੀਜ਼ਾਂ ਦੇ ਆਉਣ ਨਾਲ ਮਰੀਜ਼ਾਂ ਦਾ ਕੁੱਲ ਅੰਕੜਾ ਵਧ ਕੇ 1595 ਹੋ ਗਿਆ ਹੈ ਜਦਕਿ 100 ਮਰੀਜ਼ ਡਿਸਚਾਰਜ ਕੀਤੇ ਗਏ ਹਨ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਆਏ ਅੱਜ ਨਵੇਂ ਮਰੀਜ਼ ਸੈਕਟਰ, 5, 15, 20, 25, 32, 35, 38, 40, 41, 44, 45, 52, 63, ਖੁੱਡਾ ਲਾਹੌਰਾ, ਡੱਡੂਮਾਜਰਾ, ਹੱਲੋਮਾਜਰਾ, ਧਨਾਸ, ਬੁੜੈਲ, ਮਨੀਮਾਜਰਾ, ਪੀ.ਜੀ.ਆਈ., ਰਾਮ ਦਰਬਾਰ, ਰਾਏਪੁਰ ਖੁਰਦ ਦੇ ਵਸਨੀਕ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਅੱਜ 100 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾ ਵਿੱਚੋਂ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ। ਉਕਤ ਕੁੱਲ 80 ਵਿਅਕਤੀਆਂ ਨੂੰ ਕਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1595 ਹੋ ਗਈ ਹੈ। ਅੱਜ ਦੋ ਹੋਰ ਮਰੀਜ਼ਾਂ ਦੀ ਮੌਤ ਹੋਣ ਉਪਰੰਤ ਕੁੱਲ 25 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 565 ਹੋ ਗਈ ਹੈ।
ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪੇ੍ਰਕ): ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸੋਮਵਾਰ ਨੂੰ 76 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1385 ’ਤੇ ਪਹੁੰਚ ਗਈ ਹੈ। ਅੱਜ ਦੋ ਹੋਰ ਪੀੜਤ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ 21 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਨਵੇਂ ਕੇਸ ਫੇਜ਼-1, ਫੇਜ਼-2, ਫੇਜ਼-3ਏ, ਫੇਜ਼-6, ਫੇਜ਼-7, ਫੇਜ਼-11, ਸੈਕਟਰ-67, ਸੈਕਟਰ-68, ਸੈਕਟਰ-70, ਸੈਕਟਰ-110, ਸੈਕਟਰ-114, ਸੈਕਟਰ-126, ਸੈਕਟਰ-127 ਸਮੇਤ ਐਰੋਸਿਟੀ, ਲਾਂਡਰਾਂ, ਪਿੰਡ ਸੁੱਖਗੜ੍ਹ ਅਤੇ ਨਵਾਂ ਗਾਉਂ ’ਚ ਸਾਹਮਣੇ ਆਏ ਹਨ। ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 649 ਨਵੇਂ ਕੇਸ ਐਕਟਿਵ ਹਨ। ਜਦੋਂਕਿ 715 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।
ਪੰਚਕੂਲਾ (ਪੱਤਰ ਪੇ੍ਰਕ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 68 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 62 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਹਨ। ਇਸ ਤੋਂ ਇਲਾਵਾ ਬਾਕੀ 6 ਮਰੀਜ਼ ਜਾਂ ਦਾ ਬਾਹਰਲੇ ਰਾਜਾਂ ਅਤੇ ਜਾਂ ਜ਼ਿਲ੍ਹਿਆਂ ਦੇ ਹਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੇ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਕੀਤੀ ਗਈ। ਉਹਨਾਂ ਦੱਸਿਆ ਕਿ ਸੈਕਟਰ-20, 25, 15, 14, 18, 14, 27, ਐਮਡੀਸੀ-5, 6, ਸੈਕਟਰ-10,12, 2, 21 ਤੋਂ ਇਲਾਵਾ ਪਿੰਡ-ਚਿੰਕਾਂ, ਹੰਗੋਲੀ, ਮੌਲੀ, ਨਟਵਾਲ, ਧਰਮਪੁਰ, ਪਿੰਜੌਰ, ਕਾਲਕਾ, ਬਲੋਤੀ ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਤੋਂ ਪ੍ਰਭਾਵਿਤ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।
ਜੁਡੀਸ਼ਲ ਮੈਜਿਸਟ੍ਰੇਟ ਨੂੰ ਕਰੋਨਾ
ਚੰਡੀਗੜ੍ਹ (ਟਨਸ): ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ ਪੁਨੀਤਾ ਬਾਸ਼ਾਮਬੂ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ 11, 13 ਅਤੇ 15 ਅਗਸਤ ਨੂੰ ਜੁੂਡੀਸ਼ਲ ਮੈਜਿਸਟਰੇਟ ਮਨਦੀਪ ਸਿੰਘ ਕੈਂਥ ਨੂੰ ਵਾਧੂ ਸੇਵਾਵਾਂ ਨਿਭਾਉਣ ਲਈ ਤਾਇਨਾਤ ਕੀਤਾ ਹੈ।
ਵਿੱਤ ਤੇ ਯੋਜਨਾ ਭਵਨ ਵਿੱਚ ਕਰੋਨਾ ਦੀ ਦਸਤਕ
ਚੰਡੀਗੜ੍ਹ (ਪੱਤਰ ਪੇ੍ਰਕ): ਪੰਜਾਬ ਤੇ ਯੋਜਨਾ ਭਵਨ ਸੈਕਟਰ 33 ਵਿੱਚ ਵੀ ਕਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਜਿੱਥੇ ਕਿ ਇੱਕ ਮਹਿਲਾ ਕਰਮਚਾਰੀ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜੋ ਕਿ ਮਨੀਮਾਜਰਾ ਦੀ ਵਸਨੀਕ ਹੈ। ਉਸ ਦੀ ਪੁਸ਼ਟੀ ਹੋਣ ਉਪਰੰਤ ਦੂਸਰੀ ਮੰਜ਼ਿਲ ਨੂੰ ਸੈਨੀਟਾਈਜ਼ ਕਰਵਾਇਆ ਗਿਆ ਅਤੇ ਉਸ ਦੇ ਸੰਪਰਕ ਵਿੱਚ ਆ ਚੁੱਕੇ ਕਰਮਚਾਰੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।