ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੇ ਲੋਕਾਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਵਾਰ-ਵਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਬਾਵਜੂਦ ਹਾਲੇ ਵੀ ਸ਼ਹਿਰ ਦੇ 1.42 ਲੱਖ ਲੋਕਾਂ ਵਿੱਚੋਂ 75,473 ਲੋਕਾਂ ਵੱਲ ਪ੍ਰਾਪਰਟੀ ਟੈਕਸ ਬਕਾਇਆ ਖੜ੍ਹਾ ਹੈ। ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦੀ ਵੱਧ ਤੋਂ ਵੱਧ ਵਸੂਲੀ ਲਈ 31 ਮਈ 2023 ਤੋਂ ਪਹਿਲਾਂ ਰਿਹਾਇਸ਼ੀ ਪ੍ਰਾਪਰਟੀਆਂ ਦਾ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ 20 ਫ਼ੀਸਦ ਤੇ ਵਪਾਰਕ ਪ੍ਰਾਪਰਟੀਆਂ ਲਈ 10 ਫ਼ੀਸਦ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਜਦੋਂ ਕਿ 1 ਜੂਨ ਨੂੰ ਜਾਂ ਉਸ ਤੋਂ ਬਾਅਦ ਪ੍ਰਾਪਰਟੀ ਟੈਕਸ ਜਮ੍ਹਾਂਂ ਕਰਵਾਉਣ ਵਾਲਿਆਂ ‘ਤੇ 25 ਫ਼ੀਸਦ ਦਾ ਜੁਰਮਾਨਾ ਤੇ 12 ਫ਼ੀਸਦ ਵਿਆਜ ਨਾਲ ਵਸੂਲੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਐਕਟ ਦੀ ਧਾਰਾ 138 ਤਹਿਤ ਬਕਾਏ ਦੀ ਵਸੂਲੀ ਲਈ ਕਾਰਵਾਈ ਸ਼ੁਰੂ ਕਰੇਗਾ। ਨਿਗਮ ਦੇ ਬੁਲਾਰੇ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਦਾ ਭੁਗਤਾਨ ਆਨਲਾਈਨ ਵੀ ਕੀਤਾ ਜਾ ਸਕਦਾ ਹੈ। ਇਸ ਲਈ ਵਿਅਕਤੀ ਨਗਰ ਨਿਗਮ ਦੀ ਵੈਬਸਾਈਟ ‘ਤੇ ਜਾ ਕੇ ਭੁਗਤਾਨ ਕਰ ਸਦਾ ਹੈ। ਇਸ ਤੋਂ ਇਲਾਵਾ ਸੈਕਟਰ-17 ਵਿਖੇ ਨਗਰ ਨਿਗਮ ਦੇ ਦਫ਼ਤਰ ‘ਚ ਵੀ ਪ੍ਰਾਪਰਟੀ ਟੈਕਸ ਦੀ ਅਦਾਇਗੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ 1.42 ਲੱਖ ਪ੍ਰਾਪਰਟੀ ਟੈਕਸ ਭਰਨ ਵਾਲੇ ਹਨ। ਇਸ ਵਿੱਚੋਂ 54035 ਜਣਿਆਂ ਨੇ ਰਿਹਾਇਸ਼ੀ ਅਤੇ 12492 ਜਣਿਆਂ ਨੇ ਵਪਾਰਕ ਪ੍ਰਾਪਰਟੀਆਂ ਦੇ ਟੈਕਸ ਦਾ ਭੁਗਤਾਨ ਕੀਤਾ ਹੈ।