7-Day Theatre Festival: ਪੰਜਾਬ ਕਲਾ ਭਵਨ ’ਚ ਸੱਤ ਰੋਜ਼ਾ ਨਾਟ ਉਤਸਵ ਸ਼ੁਰੂ
ਪਹਿਲੇ ਦਿਨ ‘ਸਲਵਾਨ’ ਨਾਟਕ ਖੇਡਿਆ; ਨਾਟਕ ਨੇ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੀ
ਇੰਪੈਕਟ ਆਰਟਸ, ਸੰਸਕ੍ਰਿਤਕ ਮੰਤਰਾਲਾ ਭਾਰਤ ਸਰਕਾਰ, ਨੌਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ, ਹਰਿਆਣਾ ਕਲਾ ਪਰਿਸ਼ਦ ਅਤੇ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਇੱਥੋਂ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿੱਚ ਸੱਤ-ਰੋਜ਼ਾ ਨਾਟ ਉਤਸਵ (13 ਸ਼ਗੂਫੇ-2027) ਅੱਜ ਸ਼ੁਰੂ ਹੋ ਗਿਆ। ਨਾਟ-ਉਤਸਵ ਦੇ ਅੱਜ ਪਹਿਲੇ ਦਿਨ ਅਜਮੇਰ ਸਿੰਘ ਔਲਖ ਦਾ ਲਿਖਿਆ ਅਤੇ ਗੁਰਪ੍ਰੀਤ ਸਿੰਘ ਬੈਂਸ ਵੱਲੋਂ ਨਿਰਦੇਸ਼ਤ ਨਾਟਕ ‘ਸਲਵਾਨ’ ਖੇਡਿਆ ਗਿਆ।
ਨਾਟਕ ਰਾਹੀਂ ਦਰਸਾਇਆ ਗਿਆ ਕਿ ਗਰੀਬੀ ਸਿਰਫ਼ ਆਰਥਿਕ ਕਮੀ ਦਾ ਨਾਮ ਨਹੀਂ, ਸਗੋਂ ਇਹ ਮਨੁੱਖ ਨੂੰ ਅਜਿਹੇ ਫ਼ੈਸਲੇ ਲੈਣ ਲਈ ਮਜਬੂਰ ਕਰ ਦਿੰਦੀ ਹੈ, ਜਿਨ੍ਹਾਂ ਦੇ ਨਤੀਜੇ ਉਸ ਦੀ ਪੂਰੀ ਜ਼ਿੰਦਗੀ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣੇ ਪੈਂਦੇ ਹਨ। ਨਾਟਕ ਦਾ ਕੇਂਦਰੀ ਪਾਤਰ ਸਲਵਾਨ ਹੈ, ਜੋ ਜਵਾਨੀ ਵਿੱਚ ਗਰੀਬੀ ਤੋਂ ਤੰਗ ਆ ਕੇ ਘਰ ਅਤੇ ਗਰਭਵਤੀ ਪਤਨੀ ਅੱਛਰੋ ਨੂੰ ਛੱਡ ਦਿੰਦਾ ਹੈ ਅਤੇ ਅਮੀਰ ਬਣਨ ਦੇ ਸੁਪਨੇ ਨਾਲ ਅਪਰਾਧ ਦੀ ਦੁਨੀਆ ਦਾ ਰਾਹ ਫੜ ਲੈਂਦਾ ਹੈ। ਲਗਪਗ ਤੀਹ ਸਾਲਾਂ ਬਾਅਦ ਜਦੋਂ ਉਹ ਬੇਅੰਤ ਦੌਲਤ ਕਮਾ ਕੇ ਆਪਣੇ ਪਿੰਡ ਵਾਪਸ ਆਉਂਦਾ ਹੈ ਤਾਂ ਬਹੁਤ ਕੁਝ ਬਦਲ ਚੁੱਕਾ ਹੁੰਦਾ ਹੈ।
ਨਾਟਕ ਇੱਕ ਡੂੰਘਾ ਸਮਾਜਿਕ ਸੰਦੇਸ਼ ਦਿੰਦਾ ਹੈ ਕਿ ਹਰ ਤਿਆਗ ਮਹਾਨ ਨਹੀਂ ਹੁੰਦਾ। ਕਈ ਵਾਰ ਮਜਬੂਰੀ ਵਿੱਚ ਲਏ ਗਏ ਫ਼ੈਸਲੇ ਭਵਿੱਖ ਵਿੱਚ ਹੋਰ ਵੀ ਵੱਡੇ ਦੁੱਖਾਂ ਅਤੇ ਵਿਨਾਸ਼ ਦਾ ਕਾਰਨ ਬਣ ਜਾਂਦੇ ਹਨ। ਇਹ ਨਾਟਕ ਇਹ ਵੀ ਸਪੱਸ਼ਟ ਕਰਦਾ ਹੈ ਕਿ ਜ਼ਬਰਦਸਤੀ ਬਣਾਏ ਗਏ ਰਿਸ਼ਤੇ ਕਦੇ ਵੀ ਸਫ਼ਲ ਨਹੀਂ ਹੋ ਸਕਦੇ ਅਤੇ ਪਿਆਰ ਨੂੰ ਨਾ ਦੌਲਤ ਨਾਲ ਖਰੀਦਿਆ ਜਾ ਸਕਦਾ ਹੈ, ਨਾ ਡਰ ਨਾਲ ਜਿੱਤਿਆ ਜਾ ਸਕਦਾ ਹੈ ਅਤੇ ਨਾ ਹੀ ਹਿੰਸਾ ਰਾਹੀਂ ਕਾਇਮ ਰੱਖਿਆ ਜਾ ਸਕਦਾ ਹੈ। ਇਸ ਨਾਟਕ ਦੇ ਕੁਝ ਗੀਤ ਖ਼ੁਦ ਨਿਰਦੇਸ਼ਕ ਗੁਰਪ੍ਰੀਤ ਸਿੰਘ ਬੈਂਸ ਨੇ ਲਿਖੇ ਹਨ, ਜਿਨ੍ਹਾਂ ਨੂੰ ਅੰਮ੍ਰਿਤਪਾਲ ਜੱਸਲ, ਲਵਨੀਤ ਕੌਰ ਅਤੇ ਮਿੰਕਾ ਨੇ ਆਪਣੀ ਆਵਾਜ਼ ਨਾਲ ਸੰਗੀਤਮਈ ਰੂਪ ਦਿੱਤਾ ਹੈ। ਨਾਟਕ ਦਾ ਸੰਗੀਤ ਮਿੰਕਾ ਅਤੇ ਸ਼ਿਵਮ ਵੱਲੋਂ ਤਿਆਰ ਕੀਤਾ ਗਿਆ ਹੈ। ਰੌਸ਼ਨੀ ਦੀ ਜ਼ਿੰਮੇਵਾਰੀ ਨਵਦੀਪ ਸਿੰਘ ਬਾਜਵਾ ਨੇ ਨਿਭਾਈ ਹੈ।
