‘ਠੱਗੀਆਂ’ ਮਾਰਨ ਵਾਲੇ ਗਰੋਹ ਦੇ 6 ਮੈਂਬਰ ਗ੍ਰਿਫ਼ਤਾਰ

‘ਠੱਗੀਆਂ’ ਮਾਰਨ ਵਾਲੇ ਗਰੋਹ ਦੇ 6 ਮੈਂਬਰ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਮੀਡੀਆ ਅੱਗੇ ਪ਼ੇਸ਼ ਕਰਦੇ ਹੋਏ ਅਧਿਕਾਰੀ।

ਆਤਿਸ਼ ਗੁਪਤਾ

ਚੰਡੀਗੜ੍ਹ, 22 ਸਤੰਬਰ

ਬੀਮਾ ਪਾਲਿਸੀ ਦੇ ਨਾਂ ’ਤੇ ਫੋਨ ਕਰਕੇ ਲੋਕਾਂ ਤੋਂ ਕਥਿਤ ਤੌਰ ’ਤੇ ਲੱਖਾਂ ਰੁਪਏ ਠੱਗੀਆਂ ਮਾਰਨ ਵਾਲੇ ਗਰੋਹ ਖ਼ਿਲਾਫ਼ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਦੀ ਟੀਮ ਨੇ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਠੱਗੇ ਹੋਏ 4 ਲੱਖ ਰੁਪਏ, 30 ਮੋਬਾਈਲ ਫੋਨ ਅਤੇ 10 ਡਾਇਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਡਾਇਰੀਆਂ ’ਚ ਲੋਕਾਂ ਬਾਰੇ ਜਾਣਕਾਰੀ ਲਿਖੀ ਹੋਈ ਸੀ। ਇਹ ਮੁਲਜ਼ਮ ਜ਼ੀਕਰਪੁਰ ’ਚ ਬੈਠ ਕੇ ਕਾਲ ਸੈਂਟਰ ਦੇ ਨਾਮ ’ਤੇ ਲੋਕਾਂ ਨਾਲ ਕਥਿਤ ਤੌਰ ’ਤੇ ਠੱਗੀਆ ਮਾਰਦੇ ਸਨ।

ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਯੋਗੇਸ਼ ਵਰਮਾ ਵਾਸੀ ਢਕੌਲੀ ਜ਼ੀਰਕਪੁਰ, ਪਰਨਵ ਵਾਸੀ ਅੰਬਾਲਾ ਕੈਂਟ, ਮਨੀਸ਼ ਕੁਮਾਰ ਵਾਸੀ ਡੇਰਾਬੱਸੀ, ਸ਼ੁਭਮ ਭਾਰਦਵਾਜ ਵਾਸੀ ਸੰਨੀ ਐਨਕਲੇਵ, ਅਰਜੁਨ ਯਾਦਵ ਵਾਸੀ ਰਾਜੀਵ ਕਲੋਨੀ   ਸੈਕਟਰ-17 ਪੰਚਕੂਲਾ, ਰਾਕੇਸ਼ ਕੁਮਾਰ ਵਾਸੀ ਡੇਰਾਬੱਸੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲੀਸ ਰਿਮਾਂਡ ਦੀ ਮੰਗ ਕੀਤੀ ਤਾਂ ਅਦਾਲਤ ਨੇ ਮੁਲਜ਼ਮਾਂ ਨੂੰ 3 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਹ ਕਾਰਵਾਈ ਸੈਕਟਰ-44 ਦੇ ਵਸਨੀਕ ਨਿਰਮਲ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਊਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ 25 ਲੱਖ ਰੁਪਏ ਦੀ ਬੀਮਾ ਪਾਲਿਸੀ ਲਈ ਹੋਈ ਸੀ। ਮੁਲਜ਼ਮਾਂ ਨੇ ਉਸ ਨੂੰ ਪਾਲਿਸੀ ਦਾ ਕਲੇਮ ਦਿਵਾਉਣ ਲਈ ਵੱਖ-ਵੱਖ ਖਾਤਿਆਂ ਰਾਹੀ 16 ਲੱਖ 54 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ। ਸਾਈਬਰ ਸੈੱਲ ਦੀ ਟੀਮ ਨੇ ਇਸ ਸ਼ਿਕਾਇਤ ’ਤੇ ਥਾਣਾ ਸੈਕਟਰ-34 ’ਚ ਧਾਰਾ 419, 420 ਅਤੇ 120-ਬੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਵੱਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਸੈਕਟਰ-42 ਦੇ ਰਹਿਣ ਵਾਲੇ ਅਯੁੱਧਿਆ ਦਾਸ ਨਾਲ ਵੀ ਬੀਮਾ ਪਾਲਿਸੀ ਦੇ ਨਾਮ ’ਤੇ 2 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ।

ਮੁਲਜ਼ਮ ਜ਼ੀਰਕਪੁਰ ਵਿੱਚ ਚਲਾਊਂਦੇ ਸਨ ‘ਕਾਲ ਸੈਂਟਰ’

ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਜ਼ੀਰਕਪੁਰ ’ਚ ਕਾਲ ਸੈਂਟਰ ਚਲਾਊਂਦੇ ਸਨ ਅਤੇ ਲੋਕਾਂ ਨੂੰ ਬੀਮਾ ਪਾਲਿਸੀ ਦੇ ਨਾਮ ’ਤੇ ਧੋਖਾਧੜੀ ਕਰਦੇ ਸਨ। ਉਨ੍ਹਾਂ ਦੱਸਿਆ ਮੁਲਜ਼ਮਾਂ ਵੱਲੋਂ ਬਜ਼ੁਰਗ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਬਜ਼ੁਰਗਾਂ ਵੱਲੋਂ ਲਈਆਂ ਗਈਆਂ ਪਾਲਿਸੀਆਂ ਖਤਮ ਹੋਣ ਦੇ ਨਜ਼ਦੀਕ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ  ਨਿਸ਼ਾਨਾ ਬਣਾਊਣਾ ਵੀ ਸੌਖਾ ਹੁੰਦਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All