Guardians of the Road ਮੁਹਿੰਮ ਤਹਿਤ ਚੰਡੀਗੜ੍ਹ ਪੁਲੀਸ ਦੇ ਕਾਫ਼ਲੇ ’ਚ 55 ਨਵੇਂ ਵਾਹਨ ਸ਼ਾਮਲ
ਮੁੱਖ ਸਕੱਤਰ ਰਾਜੇਸ਼ ਪ੍ਰਸਾਦ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Guardians of the Road: ਚੰਡੀਗੜ੍ਹ ਪੁਲੀਸ ਦੀ ਗਤੀਸ਼ੀਲਤਾ ਅਤੇ ਕਿਸੇ ਵੀ ਘਟਨਾ ’ਤੇ ਤੁਰੰਤ ਕਾਰਵਾਈ (ਰਿਸਪਾਂਸ) ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਅੱਜ ‘ਗਾਰਡੀਅਨਜ਼ ਆਫ਼ ਦ ਰੋਡ’ (ਸੜਕ ਦੇ ਰਾਖੇ) ਥੀਮ ਤਹਿਤ 55 ਨਵੇਂ ਵਾਹਨ ਪੁਲੀਸ ਬੇੜੇ ਵਿੱਚ ਸ਼ਾਮਲ ਕੀਤੇ ਗਏ। ਇਨ੍ਹਾਂ ਵਾਹਨਾਂ ਵਿੱਚ 25 ਟੀ.ਵੀ.ਐਸ. ਅਪਾਚੇ ਮੋਟਰਸਾਈਕਲ, 5 ਰਾਇਲ ਐਨਫੀਲਡ ਬੁਲੇਟ, 20 ਹੋਂਡਾ ਐਕਟਿਵਾ ਸਕੂਟਰ, 2 ਜੇਲ੍ਹ ਵੈਨਾਂ ਅਤੇ 3 ਰਿਕਵਰੀ ਵੈਨਾਂ ਸ਼ਾਮਲ ਹਨ। ਆਧੁਨਿਕੀਕਰਨ ਵੱਲ ਵੱਡਾ ਕਦਮ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਇਨ੍ਹਾਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ ਬਿਹਤਰ ਵਾਹਨਾਂ ਦਾ ਮਤਲਬ ਹੈ ਤੇਜ਼ ਕਾਰਵਾਈ ਅਤੇ ਇੱਕ ਸੁਰੱਖਿਅਤ ਚੰਡੀਗੜ੍ਹ।” ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਉਪਰਾਲੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨਾਗਰਿਕ ਸੇਵਾਵਾਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਹਨ।
ਨਵੇਂ ਸ਼ਾਮਲ ਕੀਤੇ ਗਏ ਮੋਟਰਸਾਈਕਲ ਅਤੇ ਸਕੂਟਰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦੀਆਂ ਤੰਗ ਗਲੀਆਂ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਗਸ਼ਤ ਕਰਨ ਲਈ ਸਹਾਈ ਹੋਣਗੇ। ਇਸ ਦੇ ਨਾਲ ਹੀ ਨਵੀਆਂ ਜੇਲ੍ਹ ਵੈਨਾਂ ਕੈਦੀਆਂ ਦੀ ਸੁਰੱਖਿਅਤ ਢੋਆ-ਢੁਆਈ ਅਤੇ ਰਿਕਵਰੀ ਵੈਨਾਂ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ। ਪੁਲੀਸ ਵਿਭਾਗ ਅਨੁਸਾਰ, ਇਸ ਕਾਫ਼ਲੇ ਦੇ ਹਰ ਵਾਹਨ ਨੂੰ ਖ਼ਾਸ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਮਕਸਦ ਇਹ ਸਮਾਗਮ ਸ਼ਹਿਰ ਦੇ ਪ੍ਰਸ਼ਾਸਨ ਅਤੇ ਨਿਵਾਸੀਆਂ ਲਈ ਪ੍ਰਗਤੀ ਦਾ ਇੱਕ ਅਹਿਮ ਪੜਾਅ ਹੈ। ਸੜਕਾਂ ’ਤੇ ਇਨ੍ਹਾਂ ਨਵੇਂ ਵਾਹਨਾਂ ਦੀ ਮੌਜੂਦਗੀ ਨਾ ਸਿਰਫ਼ ਪੁਲੀਸ ਦੀ ਸਰਗਰਮੀ ਨੂੰ ਦਰਸਾਏਗੀ, ਸਗੋਂ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਦੇ ਟੀਚੇ ਨੂੰ ਵੀ ਪੂਰਾ ਕਰੇਗੀ। ਇਸ ਵਿਸਥਾਰ ਨਾਲ ਚੰਡੀਗੜ੍ਹ ਪੁਲੀਸ ਹੁਣ ਕਿਸੇ ਵੀ ਸਥਾਨ ’ਤੇ ਘੱਟ ਸਮੇਂ ਵਿੱਚ ਪਹੁੰਚ ਕੇ ਆਪਣੀ ਡਿਊਟੀ ਨਿਭਾਉਣ ਦੇ ਸਮਰੱਥ ਹੋਵੇਗੀ।

